ਮੁਹੰਮਦ ਯੂਸਫ਼ ਨੇ ਪਾਕਿਸਤਾਨ ਦੀ ਬੱਲੇਬਾਜ਼ੀ ’ਚ ਗਿਰਾਵਟ ਲਈ ਕੋਚਾਂ ਨੂੰ ਠਹਿਰਾਇਆ ਜ਼ਿੰਮੇਵਾਰ

Monday, Aug 31, 2026 - 05:03 PM (IST)

ਮੁਹੰਮਦ ਯੂਸਫ਼ ਨੇ ਪਾਕਿਸਤਾਨ ਦੀ ਬੱਲੇਬਾਜ਼ੀ ’ਚ ਗਿਰਾਵਟ ਲਈ ਕੋਚਾਂ ਨੂੰ ਠਹਿਰਾਇਆ ਜ਼ਿੰਮੇਵਾਰ

ਕਰਾਚੀ (ਏਜੰਸੀ) - ਪਾਕਿਸਤਾਨ ਦੇ ਸਾਬਕਾ ਟੈਸਟ ਕਪਤਾਨ ਮੁਹੰਮਦ ਯੂਸਫ਼ ਨੇ ਰਾਸ਼ਟਰੀ ਟੀਮ ਨਾਲ ਜੁੜੇ ਕੋਚਾਂ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਬਾਬਰ ਆਜ਼ਮ ਅਤੇ ਹੋਰ ਬੱਲੇਬਾਜ਼ਾਂ ਦੀਆਂ ਤਕਨੀਕੀ ਖ਼ਾਮੀਆਂ ਨੂੰ ਦੂਰ ਕਰਨ ’ਤੇ ਧਿਆਨ ਨਹੀਂ ਦਿੱਤਾ। ਯੂਸਫ਼ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਸਖ਼ਤ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਖਿਡਾਰੀਆਂ ਦੀ ਬੱਲੇਬਾਜ਼ੀ ਤਕਨੀਕ ਵਿਚ ਮੌਜੂਦ ਕਮਜ਼ੋਰੀਆਂ ਬਾਰੇ ਚਿਤਾਵਨੀ ਦਿੱਤੀ ਸੀ ਪਰ ਬਾਬਰ ਅਤੇ ਟੀਮ ਦੇ ਹੋਰ ਮੈਂਬਰਾਂ ਨਾਲ ਕੰਮ ਕਰਨ ਤੋਂ ਕੁਝ ਕੋਚਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਦੇ ਮੁਤਾਬਕ ਉਸ ਸਮੇਂ ਜਿਨ੍ਹਾਂ ਕਮੀਆਂ ਨੂੰ ਸੁਧਾਰਿਆ ਜਾ ਸਕਦਾ ਸੀ, ਉਹ ਹੁਣ ਵੱਡੀਆਂ ਕਮਜ਼ੋਰੀਆਂ ਵਿਚ ਬਦਲ ਚੁੱਕੀਆਂ ਹਨ ਅਤੇ ਪਾਕਿਸਤਾਨ ਦੇ ਮੌਜੂਦਾ ਪਤਨ ਵਿਚ ਉਨ੍ਹਾਂ ਦਾ ਵੀ ਯੋਗਦਾਨ ਹੈ।

ਯੂਸਫ਼ ਨੇ ਕਿਹਾ, ‘‘ਉਸ ਨਾਕਾਮੀ ਨੇ ਪਾਕਿਸਤਾਨ ਕ੍ਰਿਕਟ ਨੂੰ ਅੱਜ ਜਿਸ ਪਤਨ ਦੀ ਸਥਿਤੀ ਵਿਚ ਅਸੀਂ ਦੇਖ ਰਹੇ ਹਾਂ, ਉੱਥੇ ਪਹੁੰਚਾ ਦਿੱਤਾ ਹੈ। ਇਹ ਕੋਚ ਖੇਡ ਲਈ ਜ਼ਹਿਰ ਵਾਂਗ ਹਨ। ਉਨ੍ਹਾਂ ਵਿਚ ਦੂਰਅੰਦੇਸ਼ੀ ਦੀ ਘਾਟ ਹੈ, ਉਹ ਖਿਡਾਰੀਆਂ ਵਿਚ ਸੁਧਾਰ ਕਰਨ ਦੇ ਰਾਹ ਨੂੰ ਰੋਕਦੇ ਹਨ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਵੀ ਗੁੰਮਰਾਹ ਕਰਦੇ ਹਨ। ਸਾਡੇ ਕ੍ਰਿਕਟਰ ਜੇ ਇਹ ਨਹੀਂ ਸਮਝਣਗੇ ਕਿ ਕਿਸ ਦੀ ਗੱਲ ਸੁਣਨੀ ਚਾਹੀਦੀ ਹੈ, ਤਾਂ ਉਨ੍ਹਾਂ ਦਾ ਕਰੀਅਰ ਜਿੰਨਾ ਲੰਬਾ ਹੋਣਾ ਚਾਹੀਦਾ ਹੈ, ਉਸ ਤੋਂ ਕਿਤੇ ਪਹਿਲਾਂ ਖ਼ਤਮ ਹੋ ਜਾਵੇਗਾ।’’

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਬੱਲੇਬਾਜ਼ਾਂ ਦੀ ਕਮਜ਼ੋਰ ਤਕਨੀਕ ਬੰਗਲਾਦੇਸ਼ ਤੋਂ ਲੈ ਕੇ ਇੰਗਲੈਂਡ ਤੱਕ ਹਾਲ ਹੀ ਦੇ ਦੌਰ ਵਿਚ ਬੁਰੀ ਤਰ੍ਹਾਂ ਉਜਾਗਰ ਹੋਈ ਹੈ। ਯੂਸਫ਼ ਨੇ ਪਿਛਲੇ ਸਾਲ ਜੁਲਾਈ ਵਿਚ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਬੱਲੇਬਾਜ਼ੀ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।


author

cherry

Content Editor

Related News