''ਅਸੀਂ ਤਾਂ ਮਜ਼ਦੂਰ ਆਦਮੀ ਹਾਂ'', ਚੋਣ ਵਿਵਾਦ ਵਿਚਾਲੇ ਮੁਹੰਮਦ ਸ਼ੰਮੀ ਨੇ ਦਿੱਤਾ ਬਿਆਨ

Wednesday, Apr 08, 2026 - 12:57 PM (IST)

''ਅਸੀਂ ਤਾਂ ਮਜ਼ਦੂਰ ਆਦਮੀ ਹਾਂ'', ਚੋਣ ਵਿਵਾਦ ਵਿਚਾਲੇ ਮੁਹੰਮਦ ਸ਼ੰਮੀ ਨੇ ਦਿੱਤਾ ਬਿਆਨ

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਰਾਸ਼ਟਰੀ ਟੀਮ ਵਿੱਚ ਚੋਣ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਵਿਚਕਾਰ ਇੱਕ ਬੇਬਾਕ ਬਿਆਨ ਦਿੱਤਾ ਹੈ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸ਼ੰਮੀ ਨੇ ਆਪਣੇ ਖਾਸ ਅੰਦਾਜ਼ ਵਿੱਚ ਜਵਾਬ ਦਿੰਦਿਆਂ ਕਿਹਾ, "ਅਸੀਂ ਮਜ਼ਦੂਰ ਆਦਮੀ ਹਾਂ, ਸਾਨੂੰ ਬਸ ਗੇਂਦ ਪਾਉਣੀ ਹੈ"। ਉਨ੍ਹਾਂ ਅੱਗੇ ਕਿਹਾ ਕਿ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਇਨਸਾਨ ਨੂੰ ਕਦੇ ਵੀ ਮਿਹਨਤ ਨਹੀਂ ਛੱਡਣੀ ਚਾਹੀਦੀ।

IPL 2026 'ਚ ਦਿਖਾਇਆ ਦਮ 
ਮੁਹੰਮਦ ਸ਼ੰਮੀ ਇਸ ਸਮੇਂ ਆਈਪੀਐਲ 2026 ਵਿੱਚ ਲਖਨਊ ਸੁਪਰ ਜਾਇੰਟਸ (LSG) ਵੱਲੋਂ ਖੇਡ ਰਹੇ ਹਨ। ਹਾਲ ਹੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਖੇਡੇ ਗਏ ਮੈਚ ਵਿੱਚ ਉਨ੍ਹਾਂ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਸਿਰਫ਼ 9 ਰਨ ਦੇ ਕੇ 2 ਵਿਕਟਾਂ ਝਟਕਾਈਆਂ ਅਤੇ 18 ਡਾਟ ਗੇਂਦਾਂ ਸੁੱਟੀਆਂ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਲਖਨਊ ਦੀ ਟੀਮ ਨੂੰ ਸੀਜ਼ਨ ਦੀ ਪਹਿਲੀ ਜਿੱਤ ਨਸੀਬ ਹੋਈ।

ਈਡਨ ਗਾਰਡਨ 'ਚ ਖੇਡਣ ਲਈ ਉਤਸ਼ਾਹਿਤ ਸ਼ੰਮੀ 
ਹੁਣ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਪਣੇ 'ਹੋਮ ਗਰਾਊਂਡ' ਈਡਨ ਗਾਰਡਨ ਵਿੱਚ ਖੇਡਣ ਲਈ ਤਿਆਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉੱਥੋਂ ਦੀ ਪਿੱਚ ਅਤੇ ਹਾਲਾਤਾਂ ਦੀ ਚੰਗੀ ਸਮਝ ਹੋਣ ਕਾਰਨ ਉਨ੍ਹਾਂ ਨੂੰ 'ਲੋਕਲ' ਹੋਣ ਦਾ ਫਾਇਦਾ ਜ਼ਰੂਰ ਮਿਲੇਗਾ। ਜ਼ਿਕਰਯੋਗ ਹੈ ਕਿ ਸੱਟ ਤੋਂ ਵਾਪਸੀ ਤੋਂ ਬਾਅਦ ਸ਼ੰਮੀ ਨੇ ਘਰੇਲੂ ਕ੍ਰਿਕਟ ਵਿੱਚ ਵੀ ਧਮਾਲ ਮਚਾਈ ਹੈ। ਰਣਜੀ ਟਰਾਫੀ ਵਿੱਚ ਉਨ੍ਹਾਂ ਨੇ 37 ਵਿਕਟਾਂ ਲੈ ਕੇ ਬੰਗਾਲ ਨੂੰ ਸੈਮੀਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਵਿੱਚ ਇੱਕ ਮੈਚ ਦੌਰਾਨ 8/90 ਦਾ ਸ਼ਾਨਦਾਰ ਪ੍ਰਦਰਸ਼ਨ ਵੀ ਸ਼ਾਮਲ ਸੀ।

ਬੰਗਾਲ ਨੂੰ ਦੱਸਿਆ ਆਪਣੀ 'ਕਰਮਭੂਮੀ' 
ਸ਼ੰਮੀ ਨੇ ਬੰਗਾਲ ਨਾਲ ਆਪਣੇ ਲਗਾਵ ਨੂੰ ਸਾਂਝਾ ਕਰਦਿਆਂ ਇਸ ਨੂੰ ਆਪਣੀ 'ਕਰਮਭੂਮੀ' ਦੱਸਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਜਦੋਂ ਤੱਕ ਉਨ੍ਹਾਂ ਵਿੱਚ ਖੇਡਣ ਦੀ ਤਾਕਤ ਹੈ, ਉਹ ਬੰਗਾਲ ਲਈ ਖੇਡਦੇ ਰਹਿਣਗੇ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੰਮੀ ਨੇ ਕਿਹਾ ਕਿ ਉਹ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲੇ ਹਨ।

ਨੌਜਵਾਨ ਖਿਡਾਰੀਆਂ ਨੂੰ ਸਲਾਹ 
ਸੋਸ਼ਲ ਮੀਡੀਆ ਦੇ ਦੌਰ ਵਿੱਚ ਸ਼ੰਮੀ ਨੇ ਨੌਜਵਾਨ ਖਿਡਾਰੀਆਂ ਨੂੰ 'ਫੈਂਸੀ ਚੀਜ਼ਾਂ' ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਦਿਖਾਵੇ ਵਾਲੀਆਂ ਚੀਜ਼ਾਂ ਅਤੇ ਸੋਸ਼ਲ ਮੀਡੀਆ ਦੇ ਪਿੱਛੇ ਜ਼ਿਆਦਾ ਭੱਜਣਗੇ, ਤਾਂ ਇਹੀ ਚੀਜ਼ ਉਨ੍ਹਾਂ ਦੀ ਕਮਜ਼ੋਰੀ ਬਣ ਜਾਵੇਗੀ।


author

Tarsem Singh

Content Editor

Related News