ਮੋਦੀ ਨੇ ਕੀਤਾ ਨੀਰਜ ਦੀ ਮਦਦ ਦਾ ਵਾਅਦਾ, ਸੱਟ ਦਾ ਮੰਗਿਆ ਵੇਰਵਾ
Saturday, Aug 10, 2024 - 05:29 PM (IST)
ਨਵੀਂ ਦਿੱਲੀ, (ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜੇਤੂ ਨੀਰਜ ਚੋਪੜਾ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਤਾਜ਼ਾ ਮੁਕਾਬਲਿਆਂ ਦੌਰਾਨ ਲੱਗੀ ਸੱਟ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਨੂੰ ਕਿਹਾ ਹੈ। ਨੀਰਜ ਨੇ ਸੱਟ ਦੇ ਬਾਵਜੂਦ ਪੈਰਿਸ ਓਲੰਪਿਕ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਗੌਰਵ ਵਧਾਇਆ ਹੈ।
ਪ੍ਰਧਾਨ ਮੰਤਰੀ ਦੇ ਇਸ ਕਦਮ ਨੂੰ ਜਿੱਤ ਅਤੇ ਚੁਣੌਤੀਆਂ ਦੋਹਾਂ ਵਿੱਚ ਆਪਣੇ ਖਿਡਾਰੀਆਂ ਦਾ ਸਹਾਰਾ ਦੇਣ ਦੀ ਸਰਕਾਰ ਦੀ ਵਚਨਬੱਧਤਾ ਦੇ ਉਦਾਹਰਨ ਵਜੋਂ ਸਲਾਇਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਨੀਰਜ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਦੀ ਦ੍ਰਿੜ੍ਹਤਾ ਅਤੇ ਜੁਝਾਰੂਪਣ ਦੀ ਸਰਾਹਨਾ ਕੀਤੀ। ਜ਼ਖਮੀ ਹੋਣ ਦੇ ਬਾਵਜੂਦ ਨੀਰਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ ਚਾਂਦੀ ਦਾ ਤਮਗਾ ਹਾਸਲ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ ਸਾਡੇ ਦੇਸ਼ ਨੂੰ ਇਕ ਵਾਰ ਫਿਰ ਗੌਰਵਿਤ ਕੀਤਾ ਹੈ, ਅਤੇ ਭਾਰਤ ਦੇ ਲੋਕਾਂ ਨੇ ਮੈਚ ਦੌਰਾਨ ਤੁਹਾਨੂੰ ਬਹੁਤ ਆਸ ਨਾਲ ਦੇਖਿਆ।'' ਇਸਦੇ ਬਾਅਦ ਸ਼੍ਰੀ ਮੋਦੀ ਨੇ ਕਿਹਾ, ‘‘ਜਦੋਂ ਅਸੀਂ ਮਿਲਾਂਗੇ, ਤਾਂ ਤੁਸੀਂ ਮੈਨੂੰ ਆਪਣੀ ਸੱਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ। ਅਸੀਂ ਇਸ ਬਾਰੇ ਗੱਲ ਕਰਾਂਗੇ ਅਤੇ ਪਤਾ ਲਗਾਵਾਂਗੇ ਕਿ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ।''