''ਗਲਤਫਹਿਮੀ ਫੈਲਾਈ ਜਾ ਰਹੀ...'', IPL ਵਿਵਾਦ ਵਿਚਾਲੇ ਮਿਚੇਲ ਸਟਾਰਕ ਨੇ ਤੋੜੀ ਚੁੱਪ

Saturday, Mar 28, 2026 - 07:11 PM (IST)

''ਗਲਤਫਹਿਮੀ ਫੈਲਾਈ ਜਾ ਰਹੀ...'', IPL ਵਿਵਾਦ ਵਿਚਾਲੇ ਮਿਚੇਲ ਸਟਾਰਕ ਨੇ ਤੋੜੀ ਚੁੱਪ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸ਼ੁਰੂਆਤੀ ਪੜਾਅ ਵਿੱਚ ਆਪਣੀ ਗੈਰ-ਮੌਜੂਦਗੀ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਚੁੱਪੀ ਤੋੜੀ ਹੈ। ਦਿੱਲੀ ਕੈਪੀਟਲਜ਼ (DC) ਲਈ ਪਹਿਲੇ ਕੁਝ ਮੈਚਾਂ ਵਿੱਚ ਨਾ ਖੇਡਣ ਕਾਰਨ ਪ੍ਰਸ਼ੰਸਕਾਂ ਅਤੇ ਕ੍ਰਿਕਟ ਮਾਹਿਰਾਂ ਵੱਲੋਂ ਉਨ੍ਹਾਂ ਦੀ ਵਚਨਬੱਧਤਾ 'ਤੇ ਸਵਾਲ ਚੁੱਕੇ ਜਾ ਰਹੇ ਸਨ, ਜਿਸ ਦਾ ਸਟਾਰਕ ਨੇ ਹੁਣ ਕਰਾਰਾ ਜਵਾਬ ਦਿੱਤਾ ਹੈ।

ਮਿਚੇਲ ਸਟਾਰਕ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਸਮੇਂ ਕੋਹਣੀ ਅਤੇ ਮੋਢੇ ਦੀ ਸੱਟ ਨਾਲ ਜੂਝ ਰਹੇ ਹਨ ਅਤੇ ਪੂਰੀ ਤਰ੍ਹਾਂ ਫਿੱਟ ਹੋਣ ਲਈ ਰੀਹੈਬ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆਈ ਗਰਮੀਆਂ (Australian Summer) ਦੌਰਾਨ ਉਨ੍ਹਾਂ ਨੂੰ ਇਹ ਸੱਟਾਂ ਲੱਗੀਆਂ ਸਨ, ਜਿਸ ਦੀ ਗੰਭੀਰਤਾ ਦਾ ਉਸ ਸਮੇਂ ਪੂਰੀ ਤਰ੍ਹਾਂ ਅੰਦਾਜ਼ਾ ਨਹੀਂ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਟੀਮ ਨਾਲ ਜੁੜਨਗੇ।

ਸਟਾਰਕ ਨੇ ਬਿਨਾਂ ਪੂਰੀ ਜਾਣਕਾਰੀ ਦੇ ਬਿਆਨ ਦੇਣ ਵਾਲਿਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਫਿਟਨੈਸ ਨੂੰ ਲੈ ਕੇ ਗਲਤ ਨੈਰੇਟਿਵ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਲਿਖਿਆ, "ਕੁਝ ਲੋਕ ਬਿਨਾਂ ਜਾਣਕਾਰੀ ਦੇ ਮੇਰੀ ਆਈਪੀਐਲ ਭਾਗੀਦਾਰੀ 'ਤੇ ਸਵਾਲ ਉਠਾ ਰਹੇ ਹਨ ਅਤੇ ਅਜਿਹਾ ਦਿਖਾ ਰਹੇ ਹਨ ਜਿਵੇਂ ਉਨ੍ਹਾਂ ਨੂੰ ਮੇਰੇ ਸਰੀਰ ਦੀ ਮੇਰੇ ਨਾਲੋਂ ਜ਼ਿਆਦਾ ਸਮਝ ਹੋਵੇ"।

ਮਿਚੇਲ ਸਟਾਰਕ ਨੇ ਆਪਣੀ ਗੈਰ-ਮੌਜੂਦਗੀ ਲਈ ਦਿੱਲੀ ਕੈਪੀਟਲਜ਼ ਅਤੇ ਪ੍ਰਸ਼ੰਸਕਾਂ ਤੋਂ ਮਾਫੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਟੀਮ ਲਈ ਮੁਸ਼ਕਲ ਹੈ, ਪਰ ਉਹ ਲਗਾਤਾਰ ਟੀਮ ਦੇ ਸੰਪਰਕ ਵਿੱਚ ਹਨ ਅਤੇ ਜਲਦੀ ਤੋਂ ਜਲਦੀ ਉਪਲਬਧ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਅਤੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਏਲੀਸਾ ਹੀਲੀ ਨੇ ਵੀ ਸਟਾਰਕ ਦਾ ਬਚਾਅ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਸਿਰਫ਼ ਸੱਟ ਕਾਰਨ ਬਾਹਰ ਹਨ।

ਕ੍ਰਿਕਟ ਆਸਟ੍ਰੇਲੀਆ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਸਟਾਰਕ ਦੇ ਨਾਲ-ਨਾਲ ਜੋਸ਼ ਹੇਜ਼ਲਵੁੱਡ ਅਤੇ ਪੈਟ ਕਮਿੰਸ ਵੀ ਵਰਕਲੋਡ ਮੈਨੇਜਮੈਂਟ ਅਤੇ ਸੱਟਾਂ ਕਾਰਨ ਆਈਪੀਐਲ 2026 ਦੇ ਸ਼ੁਰੂਆਤੀ ਮੁਕਾਬਲਿਆਂ ਵਿੱਚ ਨਜ਼ਰ ਨਹੀਂ ਆਉਣਗੇ। ਦਿੱਲੀ ਕੈਪੀਟਲਜ਼ ਲਈ ਇਹ ਇੱਕ ਵੱਡਾ ਝਟਕਾ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਮੁੱਖ ਤੇਜ਼ ਗੇਂਦਬਾਜ਼ ਤੋਂ ਬਿਨਾਂ ਟੂਰਨਾਮੈਂਟ ਦੀ ਸ਼ੁਰੂਆਤ ਕਰਨੀ ਪਵੇਗੀ।


author

Rakesh

Content Editor

Related News