ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪੁਆਇੰਟ ਟੇਬਲ ''ਚ ਨੰਬਰ 1 ਬਣੀ ਪੰਜਾਬ ਕਿੰਗਜ਼

Thursday, Apr 16, 2026 - 11:12 PM (IST)

ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਪੁਆਇੰਟ ਟੇਬਲ ''ਚ ਨੰਬਰ 1 ਬਣੀ ਪੰਜਾਬ ਕਿੰਗਜ਼

ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2026 ਦੇ 24ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਮੇਜ਼ਬਾਨ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਪੰਜਾਬ ਦਾ ਫੈਸਲਾ ਸਹੀ ਸਾਬਤ ਹੋਇਆ ਕਿਉਂਕਿ ਉਨ੍ਹਾਂ ਨੇ ਮੁੰਬਈ ਵੱਲੋਂ ਦਿੱਤੇ 196 ਦੌੜਾਂ ਦੇ ਟੀਚੇ ਨੂੰ ਮਹਿਜ਼ 17ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ। ਇਹ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਇਸ ਸੀਜ਼ਨ ਵਿੱਚ ਲਗਾਤਾਰ ਚੌਥੀ ਹਾਰ ਹੈ।

ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਵਿੰਟਨ ਡੀ ਕਾਕ ਦੀ ਸ਼ਾਨਦਾਰ ਪਾਰੀ ਦੀ ਬਦੌਲਤ 195 ਦੌੜਾਂ ਬਣਾਈਆਂ। ਡੀ ਕਾਕ ਨੇ ਮਹਿਜ਼ 53 ਗੇਂਦਾਂ ਵਿੱਚ ਸੈਂਕੜਾ ਜੜਿਆ ਅਤੇ 112 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਦੀ ਇਸ ਪਾਰੀ ਵਿੱਚ 8 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਨਮਨ ਧੀਰ ਨੇ ਵੀ 51 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਹਾਲਾਂਕਿ, ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ ਅਤੇ ਅਰਸ਼ਦੀਪ ਸਿੰਘ ਦੀ ਗੇਂਦ 'ਤੇ ਆਊਟ ਹੋ ਗਏ। ਪੰਜਾਬ ਲਈ ਅਰਸ਼ਦੀਪ ਸਿੰਘ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਸੂਰਿਆ ਅਤੇ ਰੇਯਾਨ ਰਿਕਲਟਨ ਦੀਆਂ ਵਿਕਟਾਂ ਝਟਕਾਈਆਂ।

196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਲਈ ਪ੍ਰਭਸਿਮਰਨ ਸਿੰਘ ਅਤੇ ਸ਼੍ਰੇਅਸ ਅਈਅਰ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ। ਦੋਵਾਂ ਵਿਚਾਲੇ 66 ਗੇਂਦਾਂ ਵਿੱਚ 139 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਹੋਈ। ਅਈਅਰ ਨੇ 35 ਗੇਂਦਾਂ ਵਿੱਚ 66 ਦੌੜਾਂ ਬਣਾਈਆਂ, ਜਦਕਿ ਪ੍ਰਭਸਿਮਰਨ ਸਿੰਘ 80 ਦੌੜਾਂ ਬਣਾ ਕੇ ਨਾਬਾਦ ਰਹੇ। ਪ੍ਰਭਸਿਮਰਨ ਨੇ ਆਪਣੀ ਪਾਰੀ ਦੌਰਾਨ 11 ਚੌਕੇ ਅਤੇ 2 ਛੱਕੇ ਲਗਾ ਕੇ ਟੀਮ ਨੂੰ ਆਸਾਨੀ ਨਾਲ ਜਿੱਤ ਦਿਵਾਈ।

ਹਾਰ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਸੱਟ ਕਾਰਨ ਅਗਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਕਪਤਾਨ ਹਾਰਦਿਕ ਪੰਡਿਆ ਨੇ ਰੋਹਿਤ ਦੀ ਸੱਟ ਬਾਰੇ ਪੁਸ਼ਟੀ ਕੀਤੀ ਹੈ, ਜਿਸ ਨਾਲ ਟੀਮ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।


author

Rakesh

Content Editor

Related News