ਅੱਜ 5 ਵਾਰ ਦੀ ਚੈਂਪੀਅਨ MI ਦਾ ਸਾਹਮਣਾ LSG ਨਾਲ, ਪੰਤ ਤੇ ਰੋਹਿਤ ''ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ
Friday, Apr 04, 2025 - 03:06 PM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਇਕ ਅਹਿਮ ਮੁਕਾਬਲੇ 'ਚ ਅੱਜ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਪੰਤ ਦੀ ਅਗਵਾਈ ਵਾਲੀ ਲਖਨਊ ਸੁਪਰਜਾਇੰਟਸ ਦੀਆਂ ਟੀਮਾਂ ਅੱਜ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਮੁਕਾਬਲੇ 'ਚ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਦੇ ਪ੍ਰਦਰਸ਼ਨ ’ਤੇ ਟਿਕੀਆਂ ਰਹਿਣਗੀਆਂ। 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਦਾ ਇਸ ਸੀਜ਼ਨ ’ਚ ਅਜੇ ਤੱਕ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 3 ਮੈਚਾਂ ’ਚ ਉਸ ਦੇ ਸਿਰਫ 2 ਅੰਕ ਹਨ।
ਭਾਰਤੀ ਕਪਤਾਨ ਰੋਹਿਤ ਦੀ ਖਰਾਬ ਫਾਰਮ ਮੁੰਬਈ ਲਈ ਚਿੰਤਾ ਦਾ ਵਿਸ਼ਾ ਹੈ। ਇਹੀ ਗੱਲ ਲਖਨਊ ਦੇ ਕਪਤਾਨ ਪੰਤ ’ਤੇ ਵੀ ਲਾਗੂ ਹੁੰਦੀ ਹੈ, ਜੋ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦੋਨੋਂ ਪ੍ਰਮੁੱਖ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦਾ ਅਸਰ ਨਤੀਜੇ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਦੋਵੇਂ ਟੀਮਾਂ ਨੇ ਅਜੇ ਤੱਕ 3 ਵਿਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ। ਇਸ ਤਰ੍ਹਾਂ ਅੱਜ ਦੇ ਮੁਕਾਬਲੇ 'ਚ ਜੋ ਟੀਮ ਹਾਲਾਤ ਨਾਲ ਵਧੀਆ ਤਾਲਮੇਲ ਬਿਠਾਏਗੀ, ਉਸ ਦੀ ਜਿੱਤਣ ਦੀ ਸੰਭਾਵਨਾ ਵਧ ਜਾਵੇਗੀ।
ਇਹੀ ਨਹੀਂ, ਇਸ ਵਾਰ ਕਿਊਰੇਟਰ ਘਰੇਲੂ ਟੀਮਾਂ ਮੁਤਾਬਕ ਪਿੱਚ ਤਿਆਰ ਨਹੀਂ ਕਰ ਰਹੇ, ਜਿਸ ’ਤੇ ਕੁਝ ਫ੍ਰੈਂਚਾਈਜ਼ੀ ਦੇ ਕੋਚ ਅਤੇ ਖਿਡਾਰੀਆਂ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਤਰ੍ਹਾਂ ਪਾਵਰਪਲੇਅ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਦੀ ਜਿੱਤ ਦੀ ਸੰਭਾਵਨਾ ਵਧ ਜਾਵੇਗੀ। ਮੁੰਬਈ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ ਵੀ ਚਿੰਤਾ ਦਾ ਵਿਸ਼ਾ ਹੈ। ਬੁਮਰਾਹ ਕਦੋਂ ਤੱਕ ਵਾਪਸੀ ਕਰੇਗਾ, ਇਸ ਨੂੰ ਲੈ ਕੇ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਟੀਮ ਨੇ ਚੁੱਪ ਧਾਰੀ ਹੋਈ ਹੈ।
ਇਹ ਵੀ ਪੜ੍ਹੋ- ਮੁੰਬਈ ਛੱਡ ਇਸ ਟੀਮ ਵੱਲੋਂ ਖੇਡਣਾ ਚਾਹੁੰਦਾ ਹੈ ਸੂਰਿਆਕੁਮਾਰ ਯਾਦਵ !
ਬੁਮਰਾਹ ਦੀ ਜਗ੍ਹਾ ਲੈਣਾ ਆਸਾਨ ਨਹੀਂ, ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਸ਼ਵਿਨੀ ਕੁਮਾਰ ਨੇ ਪਿਛਲੇ ਮੈਚ ’ਚ ਕੋਲਕਾਤਾ ਨਾਈਟ ਰਾਈਡਰਸ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁੰਬਈ ਦੀ ਟੀਮ ’ਚ ਆਸ ਦੀ ਨਵੀਂ ਕਿਰਣ ਜਗਾਈ ਹੈ। ਅਸ਼ਵਿਨੀ ਕੁਮਾਰ ਨੇ ਇਸ ਮੈਚ ’ਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।
ਪੰਜਾਬ ਦੇ ਰਹਿਣ ਵਾਲੇ ਇਸ 23 ਸਾਲਾ ਤੇਜ਼ ਗੇਂਦਬਾਜ਼ ਨੇ ਘਰੇਲੂ ਕ੍ਰਿਕਟ ’ਚ ਸਿਰਫ਼ 4 ਟੀ-20 ਮੈਚ ਖੇਡਣ ਤੋਂ ਬਾਅਦ ਮੁੰਬਈ ਵਲੋਂ ਆਈ.ਪੀ.ਐੱਲ. ਵਿਚ ਡੈਬਿਊ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਜਿੰਕਿਆ ਰਹਾਣੇ, ਮਨੀਸ਼ ਪਾਂਡੇ, ਰਿੰਕੂ ਸਿੰਘ ਅਤੇ ਆਂਦਰੇ ਰਸੇਲ ਵਰਗੇ ਬੱਲੇਬਾਜ਼ਾਂ ਨੂੰ ਆਉਟ ਕੀਤਾ।
ਮੁੰਬਈ ਦੇ ਗੇਂਦਬਾਜ਼ਾਂ ਨੇ ਕੋਲਕਾਤਾ ਖਿਲਾਫ਼ ਵਾਨਖੇੜੇ ’ਚ ਚੰਗਾ ਪ੍ਰਦਰਸ਼ਨ ਕੀਤਾ, ਪਰ ਉਹ ਦੱਖਣੀ ਅਫਰੀਕਾ ਦਾ ਵਿਕਟਕੀਪਰ ਬੱਲੇਬਾਜ਼ ਰਿਆਨ ਰਿਕਲਟਨ ਸੀ, ਜਿਸ ਨੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਮੁੰਬਈ ਨੇ ਜੇਕਰ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਾ ਹੈ, ਤਾਂ ਫਿਰ ਰੋਹਿਤ ਅਤੇ ਸੂਰਿਆਕੁਮਾਰ ਯਾਦਵ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ।
ਜਿੱਥੋਂ ਤੱਕ ਲਖਨਊ ਦੀ ਗੱਲ ਹੈ, ਤਾਂ ਵਿਸ਼ਾਖਾਪਟਨਮ ’ਚ ਆਈ.ਪੀ.ਐੱਲ. ਦੇ ਸ਼ੁਰੂਆਤੀ ਮੈਚ ’ਚ ਦਿੱਲੀ ਕੈਪਿਟਲਸ ਤੋਂ ਮਿਲੀ ਇੱਕ ਵਿਕਟ ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ, ਉਸ ਦੀ ਟੀਮ ਅਜੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਲਖਨਊ ਲਈ ਚੰਗੀ ਗੱਲ ਇਹ ਹੈ ਕਿ ਵੈਸਟਇੰਡੀਜ਼ ਦਾ ਬੱਲੇਬਾਜ਼ ਨਿਕੋਲਸ ਪੂਰਨ ਚੰਗੀ ਫਾਰਮ ’ਚ ਚੱਲ ਰਿਹਾ ਹੈ। ਉਸ ਨੇ 3 ਮੈਚਾਂ ’ਚ ਅਜੇ ਤੱਕ 189 ਦੌੜਾਂ ਬਣਾਈਆਂ, ਪਰ ਆਸਟ੍ਰੇਲੀਆ ਦੇ ਮਿਚੇਲ ਮਾਰਸ਼ ਨੂੰ ਛੱਡ ਕੇ ਲਖਨਊ ਦਾ ਕੋਈ ਵੀ ਹੋਰ ਬੱਲੇਬਾਜ਼ ਪੂਰਨ ਦੀ ਤਰ੍ਹਾਂ ਬੱਲੇਬਾਜ਼ੀ ਨਹੀਂ ਕਰ ਸਕਿਆ।
ਲਖਨਊ ਦੀ ਸਭ ਤੋਂ ਵੱਡੀ ਕਮਜ਼ੋਰੀ ਗੇਂਦਬਾਜ਼ੀ ਅਤੇ ਕਪਤਾਨ ਪੰਤ ਦਾ ਚੰਗਾ ਪ੍ਰਦਰਸ਼ਨ ਨਾ ਕਰ ਪਾਉਣਾ ਹੈ। ਲਖਨਊ ਦੇ ਕੁਝ ਤੇਜ਼ ਗੇਂਦਬਾਜ਼ ਜ਼ਖਮੀ ਹਨ ਅਤੇ ਇਸ ਤਰ੍ਹਾਂ, ਉਸ ਦੇ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸ਼ਾਰਦੁਲ ਠਾਕੁਰ ਅਤੇ ਰਵੀ ਬਿਸ਼ਨੋਈ ਸੰਭਾਲ ਰਹੇ ਹਨ।
ਜਿੱਥੋਂ ਤੱਕ ਪੰਤ ਦੀ ਗੱਲ ਹੈ, ਤਾਂ ਉਸ ਨੂੰ ਚੈਂਪੀਅਨਸ ਟਰਾਫੀ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਅਤੇ ਮੈਚ ਅਭਿਆਸ ਦੀ ਕਮੀ ਦਾ ਅਸਰ ਉਸ ਦੀ ਬੱਲੇਬਾਜ਼ੀ ’ਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਇਹ ਹਮਲਾਵਰ ਬੱਲੇਬਾਜ਼ ਅਜੇ ਤੱਕ 3 ਮੈਚਾਂ ’ਚ ਸਿਰਫ਼ 17 ਦੌੜਾਂ ਹੀ ਬਣਾ ਸਕਿਆ ਹੈ।
ਇਹ ਵੀ ਪੜ੍ਹੋ- ਮਿਆਂਮਾਰ ਭੂਚਾਲ ; 3,100 ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ, ਮ੍ਰਿਤਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e