ਮਨੂ ਅਤੇ ਹਿਨਾ ISSF ਵਿਸ਼ਵ ਕੱਪ ਦੇ ਫਾਈਨਲ ''ਚ ਜਗ੍ਹਾ ਬਣਾਉਣ ਤੋਂ ਖੁੰਝੇ
Wednesday, Apr 24, 2019 - 10:33 PM (IST)

ਬੀਜਿੰਗ— ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਤਜਰਬੇਕਾਰ ਹਿਨਾ ਸਿੱਧੂ ਬੁੱਧਵਾਰ ਨੂੰ ਇਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੌਰਾਨ ਫਾਰਮ 'ਚ ਨਹੀਂ ਦਿਸੀਆਂ। ਦੋਵੇਂ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ। ਕੁਆਲੀਫਿਕੇਸ਼ਨ ਰਾਊਂਡ ਵਿਚ ਮਨੂ ਨੇ 575 ਦਾ ਸਕੋਰ ਬਣਾਇਆ, ਇਸ ਨਾਲ ਉਹ 17ਵੇਂ ਸਥਾਨ 'ਤੇ, ਜਦਕਿ ਹਿਨਾ ਨੇ 572 ਅੰਕ ਬਣਾਏ, ਇਸ ਨਾਲ ਉਹ 26ਵੇਂ ਸਥਾਨ 'ਤੇ ਰਹੀ। ਕੋਰੀਆ ਦੀ ਕਿਮ ਮਿਨਜੁੰਗ ਨੇ ਪ੍ਰਤੀਯੋਗਿਤਾ ਦੇ ਦੂਸਰੇ ਫਾਈਨਲ ਵਿਚ 245 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ।
ਪੁਰਸ਼ਾਂ ਦੇ ਥ੍ਰੀ-ਪੁਜ਼ੀਸ਼ਨ ਮੁਕਾਬਲੇ ਵਿਚ ਚੈਨ ਸਿੰਘ ਕੁਆਲੀਫਾਇੰਗ ਵਿਚ 1165 ਅੰਕਾਂ ਨਾਲ 27ਵੇਂ, ਜਦਕਿ ਪਾਰੁਲ ਕੁਮਾਰ ਨੇ 1164 ਅੰਕਾਂ ਨਾਲ 33ਵਾਂ ਸਥਾਨ ਹਾਸਲ ਕੀਤਾ। ਸੀਨੀਅਰ ਨਿਸ਼ਾਨੇਬਾਜ਼ ਸੰਜੀਵ ਰਾਜਪੂਤ 1145 ਅੰਕਾਂ ਦੇ ਸਕੋਰ ਨਾਲ 58ਵੇਂ ਸਥਾਨ 'ਤੇ ਰਿਹਾ। ਚੈੱਕ ਗਣਰਾਜ ਦੇ ਫਿਲਿਪ ਨੇਪੇਜਚਾਲ ਨੇ ਸੋਨ ਤਮਗਾ ਪ੍ਰਾਪਤ ਕੀਤਾ। ਦਿਨ ਦੇ 2 ਮੁਕਾਬਲਿਆਂ 'ਚ ਯਸ਼ਵਨੀ ਸਿੰਘ ਦੇਸਵਾਲ ਦਾ ਮਹਿਲਾਵਾਂ ਦੇ 10 ਮੀਟਰ ਏਅਰ ਮੁਕਾਬਲੇ ਵਿਚ 10ਵਾਂ ਸਥਾਨ ਭਾਰਤ ਦਾ ਸਰਵਸ੍ਰੇਸ਼ਠ ਰਿਹਾ। ਉਸ ਨੇ 577 ਅੰਕ ਬਣਾਏ, ਜਦਕਿ ਆਖਰੀ ਕੁਆਲੀਫਾਇੰਗ ਸਕੋਰ 578 ਸੀ।