INDvWI: ਵਨ ਡੇ ਮੈਚ ਜਿੱਤਣ ਤੋਂ ਬਾਅਦ ਧੋਨੀ ਨੇ ਖਲੀਲ ਅਹਿਮਦ ਨੂੰ ਦਿੱਤੇ ਟਿਪਸ

10/30/2018 12:49:51 PM

ਨਵੀਂ ਦਿੱਲੀ—ਮਹਿੰਦਰ ਸਿੰਘ ਧੋਨੀ ਚਾਹੇ ਹੀ ਟੀਮ ਇੰਡੀਆ ਦੀ ਕਪਤਾਨੀ ਨਹੀਂ ਸੰਭਾਲ ਰਹੇ ਹਨ ਪਰ ਨੌਜਵਾਨਾਂ ਨੂੰ ਸਪਾਟ ਕਰਨ ਅਤੇ ਉਨ੍ਹਾਂ ਨੂੰ ਟਿਪਸ ਦੇਣ 'ਚ ਹਮੇਸ਼ਾ ਅੱਗੇ ਰਹਿੰਦੇ ਹਨ। ਵੈਸਟ ਇੰਡੀਜ਼ ਖਿਲਾਫ ਸੀਰੀਜ਼ ਦੇ ਚੌਥੇ ਵਨ ਡੇ ਦੌਰਾਨ ਬ੍ਰੇਬੋਰਨ ਸਟੇਡੀਅਮ 'ਚ ਧੋਨੀ ਯੁਵਾ ਪੇਸਰ ਖਲੀਲ ਅਹਿਮਦ ਨੂੰ ਟਿਪਸ ਦਿੰਦੇ ਨਜ਼ਰ ਆਏ। ਉਨ੍ਹਾਂ ਦਾ ਇਕ ਵੀਡੀਓ ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਚੌਥੇ ਵਨ ਡੇ 'ਚ 224 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਵਾਧਾ ਹਾਸਲ ਕਰ ਲਿਆ। ਰੋਹਿਤ ਸ਼ਰਮਾ (162) ਅਤੇ ਅੰਬਾਤੀ ਰਾਇਡੂ (100) ਦੀ ਕਮਾਲ ਦੀ ਬੱਲੇਬਾਜ਼ੀ ਤੋਂ ਬਾਅਦ ਖਲੀਲ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 3 ਵਿਕਟ ਝਟਕੇ। ਮੈਚ ਤੋਂ ਬਾਅਦ ਧੋਨੀ ਖਲੀਲ ਅਹਿਮਦ ਨੂੰ ਟਿਪਸ ਦਿੰਦੇ ਨਜ਼ਰ ਆਏ।

 


ਖਲੀਲ ਨੇ 5 ਓਵਰਾਂ 'ਚ ਸਿਰਫ 13 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਵੀਡੀਓ 'ਚ ਧੋਨੀ ਅਤੇ ਖਲੀਲ ਇਕੱਠੇ ਤੁਰਦੇ ਨਜ਼ਰ ਆ ਰਹੇ ਹਨ ਅਤੇ ਦੋਵੇਂ ਗੱਲਬਾਤ ਕਰ ਰਹੇ ਸਨ। ਇਸ ਵਿਚਕਾਰ ਧੋਨੀ ਖਲੀਲ ਨੂੰ ਇਸ਼ਾਰਿਆਂ 'ਚ ਕੁਝ ਸਮਝਾਉਂਦੇ ਦਿਖ ਰਹੇ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਧੋਨੀ ਕ੍ਰਿਕਟਰਾਂ ਨੂੰ ਸਲਾਹ ਦੇ ਰਹੇ ਹਨ। 37 ਸਾਲ ਦੇ ਧੋਨੀ ਅਕਸਰ ਆਪਣੇ ਅਨੁਭਵ ਨੂੰ ਨੌਜਵਾਨਾਂ ਨਾਲ ਸਾਂਝਾ ਕਰਦੇ ਹਨ ਅਤੇ ਇਸ ਨਾਲ ਕਈ ਕ੍ਰਿਕਟਰਾਂ ਨੂੰ ਫਾਇਦਾ ਵੀ ਹੁੰਦਾ ਹੈ। ਸਾਬਕਾ ਕਪਤਾਨ ਧੋਨੀ ਇਸ ਤੋਂ ਪਹਿਲਾਂ ਆਈ.ਪੀ.ਐੱਲ. 'ਚ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਅਤੇ ਇਸ਼ਾਨ ਕਿਸ਼ਨ ਨੂੰ ਵੀ ਸਲਾਹ ਦਿੰਦੇ ਦਿਖੇ ਸਨ। ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਧੋਨੀ ਆਪਣਾ ਕਰੀਅਰ 'ਚ ਹੁਣ ਤੱਕ 331 ਵਨ ਡੇ ਖੇਡ ਚੁੱਕੇ ਹਨ। ਉਨ੍ਹਾਂ ਕੋਲ 90 ਟੈਸਟ ਮੈਚਾਂ ਦਾ ਵੀ ਅਨੁਭਵ ਹੈ।