ਲਖਨਊ ਦਾ ਸਾਹਮਣਾ ਅੱਜ ਚੇਨਈ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

Monday, Apr 14, 2025 - 12:27 PM (IST)

ਲਖਨਊ ਦਾ ਸਾਹਮਣਾ ਅੱਜ ਚੇਨਈ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਲਖਨਊ– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਇਸ ਤੋਂ ਖਰਾਬ ਦੌਰ ਕਦੇ ਨਹੀਂ ਦੇਖਿਆ ਹੈ ਤੇ ਉਸ ਦੇ ਬੱਲੇਬਾਜ਼ਾਂ ਨੂੰ ਸੋਮਵਾਰ ਨੂੰ ਇੱਥੇ ਲਖਨਊ ਸੁਪਰ ਜਾਇੰਟਸ ਵਿਰੁੱਧ ਹੋਣ ਵਾਲੇ ਮੈਚ ਵਿਚ ਲਗਾਤਾਰ ਹਾਰ ਦੇ ਸਿਲਸਿਲੇ ’ਤੇ ਲਗਾਮ ਲਾਉਣ ਲਈ ਚੰਗਾ ਪ੍ਰਦਰਸ਼ਨ ਕਰਨਾ ਹੀ ਪਵੇਗਾ।

ਚੇਨਈ ਨੇ ਆਈ. ਪੀ. ਐੱਲ. ਇਤਿਹਾਸ ਵਿਚ ਲਗਾਤਾਰ 5 ਮੈਚ ਕਦੇ ਨਹੀਂ ਗਵਾਏ ਹਨ, ਜਿਸ ਵਿਚ ਆਪਣੇ ਗੜ੍ਹ ਚੇਪਾਕ ਵਿਚ ਲਗਾਤਾਰ 3 ਮੈਚਾਂ ਵਿਚ ਹਾਰ ਮਿਲਣਾ ਵੀ ਪਹਿਲੀ ਵਾਰ ਹੋਇਆ ਹੈ। ਚੇਨਈ ਨੂੰ ਜੇਕਰ ਕੋਈ ਮੁਸ਼ਕਿਲ ਦੌਰ ਵਿਚੋਂ ਕੱਢ ਸਕਦਾ ਹੈ ਤਾਂ ਉਹ ਮਹਿੰਦਰ ਸਿੰਘ ਧੋਨੀ ਹੈ ਪਰ ਰਿਤੂਰਾਜ ਗਾਇਕਵਾੜ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਪਤਾਨੀ ਵਿਚ ਧੋਨੀ ਦੀ ਵਾਪਸੀ ਵੀ ਸ਼ੁੱਕਰਵਾਰ ਨੂੰ ਟੀਮ ਦੇ ਪਿਛਲੇ ਮੈਚ ਵਿਚ ਉਸਦੀ ਕਿਸਮਤ ਨਹੀਂ ਬਦਲ ਸਕੀ।

ਘਰੇਲੂ ਮੈਦਾਨ ’ਤੇ ਸਪਿੰਨਰਾਂ ਵਿਰੁੱਧ ਬੱਲੇਬਾਜ਼ਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਬੱਲੇਬਾਜ਼ਾਂ ਨੂੰ ਫਾਰਮ ਹਾਸਲ ਕਰਨ ਲਈ ਘਰ ਵਿਚੋਂ ਬਾਹਰ ਖੇਡਣ ਵਿਚ ਕੋਈ ਦਿੱਕਤ ਨਹੀਂ ਹੋਵੇਗੀ। ਆਪਣੇ ਸਰਵੋਤਮ ਬੱਲੇਬਾਜ਼ ਗਾਇਕਵਾੜ ਦੀ ਗੈਰ-ਹਾਜ਼ਰੀ ਨੇ ਟੀਮ ਦੀ ਵਾਪਸੀ ਦੀ ਕੋਸ਼ਿਸ਼ ਨੂੰ ਹੋਰ ਵੀ ਮੁਸ਼ਕਿਲ ਬਣਾ ਦਿੱਤਾ ਹੈ। ਚੇਨਈ ’ਤੇ ਆਪਣੇ ਉਨ੍ਹਾਂ ਖਿਡਾਰੀਆਂ ਨੂੰ ਰੱਖਣ ਦਾ ਦੋਸ਼ ਲਾਇਆ ਗਿਆ ਹੈ ਜਿਹੜੇ ਹੁਣ ਆਪਣੀ ਚੋਟੀ ਦੀ ਫਾਰਮ ਵਿਚ ਨਹੀਂ ਹਨ। ਹੋਰ ਤਾਂ ਹੋਰ ਹੁਣ ਲਗਾਤਾਰ ਹਾਰ ਦੇ ਰਿਕਾਰਡ ਤੋਂ ਬਾਅਦ ਇਹ ਸਵਾਲ ਫਿਰ ਤੋਂ ਉੱਠਣ ਲੱਗੇ ਹਨ। ਉਸਦੀ ਟੀਮ ਵਿਚ ‘ਪਾਵਰ-ਹਿਟਰ’ ਦੀ ਕਮੀ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਧੋਨੀ ਨੇ ਖੁਦ ਸਵੀਕਾਰ ਕੀਤਾ ਹੈ ਕਿ ਪਾਵਰਪਲੇਅ ਵਿਚ 60 ਦੌੜਾਂ ਬਣਾਉਣ ਦਾ ਟੀਚਾ ਵੀ ਉਨ੍ਹਾਂ ਲਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ, ਇਹ ਧਾਕੜ ਕ੍ਰਿਕਟਰ IPL 'ਚੋਂ ਹੋਇਆ ਬਾਹਰ

ਸਲਾਮੀ ਬੱਲੇਬਾਜ਼ ਰਚਿਨ ਰਵਿੰਦਰ ਤੇ ਡੇਵੋਨ ਕਾਨਵੇ ਦੋ ਬਿਹਤਰੀਨ ਬੱਲੇਬਾਜ਼ ਹਨ ਪਰ ਉਨ੍ਹਾਂ ਤੋਂ ਪਹਿਲੀ ਗੇਂਦ ਤੋਂ ਹੀ ਜ਼ੋਰਦਾਰ ਬੱਲੇਬਾਜ਼ੀ ਦੀ ਉਮੀਦ ਕਰਨਾ ਉਨ੍ਹਾਂ ਦੇ ਖੇਡਣ ਦੀ ਸ਼ੈਲੀ ਵਿਰੁੱਧ ਹੈ। ਗਾਇਕਵਾੜ ਦੀ ਜਗ੍ਹਾ ਤੀਜੇ ਨੰਬਰ ’ਤੇ ਆਉਣ ਵਾਲੇ ਰਾਹੁਲ ਤ੍ਰਿਪਾਠੀ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਕਾਫੀ ਦਬਾਅ ਹੋਵੇਗਾ। ਟੀਮ ਨੂੰ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਲੋੜ ਹੈ।

ਸ਼ਿਵਮ ਦੂਬੇ ਨੂੰ ‘ਪਾਵਰ ਹਿਟਿੰਗ’ ਦੇ ਮੋਰਚੇ ’ਤੇ ਜ਼ਿਆਦਾ ਸਮਰਥਨ ਦੀ ਲੋੜ ਹੈ ਤੇ ਅਜਿਹਾ ਕਰਨ ਲਈ ਸਭ ਤੋਂ ਬਿਹਤਰ ਖੁਦ ਧੋਨੀ ਹੈ ਪਰ ਬੱਲੇਬਾਜ਼ੀ ਕ੍ਰਮ ਵਿਚ ਉਸਦਾ ਲਗਾਤਾਰ ਬਦਲਾਅ ਕਰਨਾ ਵਿਸ਼ਵ ਕੱਪ ਜੇਤੂ ਕਪਤਾਨ ਲਈ ਮੁਸ਼ਕਿਲ ਕੰਮ ਹੋ ਗਿਆ ਹੈ। ਉਹ ਪਿਛਲੇ ਮੈਚ ਵਿਚ 9ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰਿਆ ਸੀ। ਪਿਛਲੇ ਮੈਚ ਤੋਂ ਬਾਅਦ ਸੀ. ਐੱਸ. ਕੇ. ਦੇ ਬੱਲੇਬਾਜ਼ੀ ਕੋਚ ਮਾਈਕ ਹਸੀ ਨੇ ਕਿਹਾ ਕਿ ਉਸਦੀ ਟੀਮ ਅਜੇ ਹਾਰ ਨਹੀਂ ਮੰਨਣ ਵਾਲੀ ਹੈ।

ਉੱਥੇ ਹੀ, ਮੇਜ਼ਬਾਨ ਟੀਮ ਲਖਨਊ ਸੁਪਰ ਜਾਇੰਟਸ ਲਗਾਤਾਰ ਚੌਥੀ ਜਿੱਤ ਦੀ ਭਾਲ ਵਿਚ ਹੋਵੇਗੀ। ਟੀਮ ਨੇ ਚੰਗੇ ਫਰਕ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਟੂਰਨਾਮੈਂਟ ਵਿਚ ਜ਼ਰੂਰੀ ਨਿਰੰਤਰਤਾ ਹਾਸਲ ਕੀਤੀ ਹੈ।ਮੁੱਖ ਤੇਜ਼ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਕਾਰਨ ਪ੍ਰਤੀਯੋਗਿਤਾ ਦੀ ਸ਼ੁਰੂਆਤ ਵਿਚ ਉਸਦੀ ਗੇਂਦਬਾਜ਼ੀ ਸਭ ਤੋਂ ਕਮਜ਼ੋਰ ਕੜੀ ਸੀ ਪਰ ਸ਼ਨੀਵਾਰ ਨੂੰ ਗੁਜਰਾਤ ਟਾਈਟਨਜ਼ ’ਤੇ ਜਿੱਤ ਹਾਸਲ ਕਰਨ ਵਿਚ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਅਵੇਸ਼ ਖਾਨ, ਰਵੀ ਬਿਸ਼ਨੋਈ ਤੇ ਸ਼ਾਰਦੁਲ ਠਾਕੁਰ ਵਰਗੇ ਗੇਂਦਬਾਜ਼ਾਂ ਨੇ ਜਿਸ ਤਰ੍ਹਾਂ ਨਾਲ ਗੁਜਰਾਤ ਟਾਈਟਨਜ਼ ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਲਗਾਮ ਕਸੀ, ਇਹ ਦੇਖਣਾ ਸ਼ਾਨਦਾਰ ਸੀ। ਗੇਂਦਬਾਜ਼ ਪਾਰੀ ਦੇ ਅੰਤ ਵਿਚ ਦੌੜਾਂ ਨੂੰ ਰੋਕਣ ਵਿਚ ਸਮਰੱਥ ਰਹੇ।

ਲਖਨਊ ਦੀ ਪਿੱਚ ਰਵਾਇਤੀ ਰੂਪ ਨਾਲ ਹੌਲੀ ਹੈ ਤੇ ਬੱਲੇਬਾਜ਼ੀ ਲਈ ਬਿਹਤਰ ਰਹੀ ਹੈ। ਪਿੱਚ ਨਿਕੋਲਸ ਪੂਰਨ ਵਰਗੇ ਖਿਡਾਰੀਆਂ ਲਈ ਅਨੁਕੂਲ ਹੈ ਜਿਹੜਾ ਹਮੇਸ਼ਾ ਦੀ ਤਰ੍ਹਾਂ ਹੀ ਸ਼ਾਨਦਾਰ ਬੱਲੇਬਾਜ਼ ਕਰ ਰਿਹਾ ਹੈ। ਚੋਟੀਕ੍ਰਮ ਵਿਚ ਮਿਸ਼ੇਲ ਮਾਰਸ਼ ਦੀ ਗੈਰ-ਹਾਜ਼ਰੀ ਨੇ ਸ਼ਨੀਵਾਰ ਨੂੰ ਰਿਸ਼ਭ ਪੰਤ ਨੂੰ ਫਾਰਮ ਵਿਚ ਚੱਲ ਰਹੇ ਐਡਮ ਮਾਰਕ੍ਰਾਮ ਦੇ ਨਾਲ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਦਿੱਤਾ। ਪੰਤ ਨੇ ਚੋਟੀਕ੍ਰਮ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਕੀ ਮਾਰਸ਼ ਦੀ ਵਾਪਸੀ ਤੋਂ ਬਾਅਦ ਉਹ ਖੁਦ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਮੌਕੇ ਦੇਵੇਗਾ? ਇਹ ਸਵਾਲ ਬਣਿਆ ਹੋਇਆ ਹੈ। ਆਸਟ੍ਰੇਲੀਆਈ ਬੱਲੇਬਾਜ਼ ਮਾਰਸ਼ ਹੁਣ ਤੱਕ ਉਸਦੇ ਸਰਵੋਤਮ ਬੱਲੇਬਾਜ਼ਾਂ ਵਿਚੋਂ ਇਕ ਰਿਹਾ ਹੈ, ਜਿਸ ਨਾਲ ਪੰਤ ਦਾ ਚੋਟੀ ’ਤੇ ਬੱਲੇਬਾਜ਼ੀ ਕਰਨਾ ਮੁਸ਼ਕਿਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News