ਲਿਵਿੰਗਸਟੋਨ ਦਾ ਸੈਂਕੜਾ, ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਹਰਾ ਕੇ ਲੜੀ ਕੀਤੀ ਬਰਾਬਰ
Monday, Nov 04, 2024 - 10:59 AM (IST)
ਨਾਰਥ ਸਾਊਂਡ - ਕਪਤਾਨ ਲਿਆਮ ਲਿਵਿੰਗਸਟੋਨ ਦੇ ਵਨ ਡੇ ਵਿਚ ਪਹਿਲੇ ਸੈਂਕੜੇ ਤੇ ਸੈਮ ਕਿਊਰੇਨ ਦੇ ਨਾਲ ਉਸਦੀ 140 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਇੰਗਲੈਂਡ ਨੇ ਦੂਜੇ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 15 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ’ਚ 6 ਵਿਕਟਾਂ ’ਤੇ 328 ਦੌੜਾਂ ਬਣਾਈਆਂ।
ਇੰਗਲੈਂਡ ਨੇ 47.3 ਓਵਰਾਂ ਵਿਚ 5 ਵਿਕਟਾਂ ’ਤੇ 329 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।ਲਿਵਿੰਗਸਟੋਨ ਨੇ ਵੀਰਵਾਰ ਨੂੰ ਪਹਿਲੇ ਮੈਚ ਵਿਚ ਇੰਗਲੈਂਡ ਦੀ 8 ਵਿਕਟਾਂ ਦੀ ਹਾਰ ਵਿਚ ਟੀਮ ਵੱਲੋਂ ਸਭ ਤੋਂ ਵੱਧ 48 ਦੌੜਾਂ ਬਣਾ ਕੇ ਫਾਰਮ ਵਿਚ ਵਾਪਸੀ ਦੇ ਸੰਕੇਤ ਦਿੱਤੇ ਸਨ। ਉਸ ਨੇ ਦੂਜੇ ਮੈਚ ਵਿਚ 77 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਤੇ 85 ਗੇਂਦਾਂ ਵਿਚ ਅਜੇਤੂ 124 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿਚ 5 ਚੌਕੇ ਤੇ 9 ਛੱਕੇ ਲਾਏ, ਜਿਸ ਨਾਲ ਇੰਗਲੈਂਡ ਵੈਸਟਇੰਡੀਜ਼ ਵਿਚ ਦੂਜਾ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਿਚ ਸਫਲ ਰਿਹਾ।