ਲਵਲੀਨਾ ਕੁਆਰਟਰ ਫਾਈਨਲ ''ਚ ਹਾਰੀ, ਮੁੱਕੇਬਾਜ਼ੀ ''ਚ ਭਾਰਤੀ ਚੁਣੌਤੀ ਖਤਮ
Sunday, Aug 04, 2024 - 04:30 PM (IST)

ਪੈਰਿਸ- ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਐਤਵਾਰ ਨੂੰ ਇੱਥੇ ਕੁਆਰਟਰ ਫਾਈਨਲ ਵਿਚ ਚੀਨ ਦੀ ਲੀ ਕਿਆਨ ਤੋਂ ਹਾਰ ਕੇ ਚੱਲ ਰਹੀਆਂ ਪੈਰਿਸ ਖੇਡਾਂ ਤੋਂ ਬਾਹਰ ਹੋ ਗਈ। ਲਵਲੀਨਾ ਨੂੰ ਇਸ ਸਖ਼ਤ ਮੁਕਾਬਲੇ ਵਿੱਚ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦੋਵਾਂ ਮੁੱਕੇਬਾਜ਼ਾਂ ਨੂੰ ਵਾਰ-ਵਾਰ ਕਲਿੰਚਿੰਗ ਅਤੇ ਹੋਲਡ ਕਰਨ ਦੀ ਚਿਤਾਵਨੀ ਦਿੱਤੀ ਗਈ।
ਲਵਲੀਨਾ ਦੀ ਹਾਰ ਨਾਲ ਮੁੱਕੇਬਾਜ਼ੀ 'ਚ ਭਾਰਤ ਦੀ ਚੁਣੌਤੀ ਵੀ ਖਤਮ ਹੋ ਗਈ। ਨਿਸ਼ਾਂਤ ਦੇਵ ਸ਼ਨੀਵਾਰ ਰਾਤ ਨੂੰ ਪੁਰਸ਼ਾਂ ਦੇ 71 ਕਿਲੋ ਵਰਗ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਏ ਸਨ। ਪੈਰਿਸ ਓਲੰਪਿਕ ਵਿੱਚ ਭਾਰਤ ਨੇ ਛੇ ਮੁੱਕੇਬਾਜ਼ਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਇਨ੍ਹਾਂ ਵਿੱਚ ਚਾਰ ਮਹਿਲਾ ਅਤੇ ਦੋ ਪੁਰਸ਼ ਮੁੱਕੇਬਾਜ਼ ਸ਼ਾਮਲ ਹਨ।