ਪਿਛਲੇ ਸਾਲ ਪਤਾ ਹੀ ਨਹੀਂ ਸੀ ਕਿ ਵਾਪਸੀ ਕਰ ਸਕਾਂਗੀ ਜਾਂ ਨਹੀਂ : ਦੀਪਿਕਾ

Friday, Jun 26, 2026 - 03:47 PM (IST)

ਪਿਛਲੇ ਸਾਲ ਪਤਾ ਹੀ ਨਹੀਂ ਸੀ ਕਿ ਵਾਪਸੀ ਕਰ ਸਕਾਂਗੀ ਜਾਂ ਨਹੀਂ : ਦੀਪਿਕਾ

ਨਵੀਂ ਦਿੱਲੀ, (ਏਜੰਸੀ)–ਪਿਛਲੇ ਸਾਲ ਸੱਟ ਕਾਰਨ ਏਸ਼ੀਆ ਕੱਪ ਲਈ ਰਵਾਨਗੀ ਤੋਂ ਠੀਕ ਪਹਿਲਾਂ ਟੀਮ ਤੋਂ ਬਾਹਰ ਹੋਈ ਦੀਪਿਕਾ ਨੂੰ ਪਤਾ ਨਹੀਂ ਸੀ ਕਿ ਹੁਣ ਮੈਦਾਨ ’ਤੇ ਕਦੋਂ ਪਰਤ ਸਕੇਗੀ ਪਰ ਐੱਫ. ਆਈ. ਐੱਚ. ਨੇਸ਼ਨਜ਼ ਕੱਪ ’ਚ ਮਿਲੀ ਖਿਤਾਬੀ ਜਿੱਤ ’ਚ ਸਭ ਤੋਂ ਜ਼ਿਆਦਾ 6 ਗੋਲ ਕਰਕੇ ਭਾਰਤੀ ਮਹਿਲਾ ਹਾਕੀ ਦੀ ਇਸ ਸਟਾਰ ਡਰੈਗ ਫਲਿੱਕਰ ਨੇ ਲੈਅ ਅਤੇ ਆਤਮਵਿਸ਼ਵਾਸ ਦੋਵੇਂ ਹਾਸਲ ਕਰ ਲਏ ਹਨ।
ਨਿਊਜ਼ੀਲੈਂਡ ’ਚ ਐੱਫ. ਆਈ. ਐੱਚ. ਨੇਸ਼ਨਜ਼ ਕੱਪ ਜਿੱਤ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਪ੍ਰੋ ਲੀਗ ’ਚ ਵਾਪਸੀ ਕੀਤੀ ਹੈ ਜਿਸ ਤੋਂ ਪਿਛਲੇ ਸੈਸ਼ਨ ’ਚ ਉਹ ਬਾਹਰ ਹੋ ਗਈ ਸੀ। ਪੂਰੀ ਤਰ੍ਹਾਂ ਫਿੱਟ ਹੋ ਕੇ ਪਰਤੀ ਦੀਪਿਕਾ ਨੇ ਇਸ ਟੂਰਨਾਮੈਂਟ ’ਚ ਅਮਰੀਕਾ ਦੀ ਐਸ਼ਲੇ ਸੇਸਾ ਦੇ ਨਾਲ ਸਭ ਤੋਂ ਜ਼ਿਆਦਾ 6 ਗੋਲ ਕੀਤੇ।
ਦੀਪਿਕਾ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਫਿੱਟ ਹੋ ਕੇ ਨੇਸ਼ਨਜ਼ ਕੱਪ ’ਚ ਹੀ ਵਾਪਸੀ ਕੀਤੀ ਹੈ। ਕਾਫੀ ਸਮੇਂ ਬਾਅਦ ਇਸ ਪੱਧਰ ’ਤੇ ਖੇਡੀ ਹਾਂ ਤੇ ਸ਼ੁਰੂ ’ਚ ਥੋੜ੍ਹੀ ਨਰਵਸ ਸੀ ਕਿ ਕਿਵੇਂ ਕਰ ਸਕਾਂਗੀ। ਟੂਰਨਾਮੈਂਟ ਚੰਗਾ ਰਿਹਾ ਅਤੇ ਸੱਟ ਤੋਂ ਬਾਅਦ ਵਾਪਸੀ ਤੋਂ ਬਾਅਦ ਇਸ ਪ੍ਰਦਰਸ਼ਨ ਨਾਲ ਆਤਮਵਿਸ਼ਵਾਸ ਵਧਿਆ ਹੈ।’’
ਪਿਛਲੇ ਸਾਲ ਅਗਸਤ ’ਚ ਏਸ਼ੀਆ ਕੱਪ ਲਈ ਰਵਾਨਗੀ ਤੋਂ ਇਕ ਦਿਨ ਪਹਿਲਾਂ ਆਖਰੀ ਅਭਿਆਸ ਸੈਸ਼ਨ ’ਚ ਪੈਰ ਫਿਸਲਣ ਨਾਲ ਉਸ ਨੂੰ ਗ੍ਰੇਡ ਤਿੰਨ ਹੈਮਸਟ੍ਰਿੰਗ ਟੀਅਰ ਹੋ ਗਿਆ ਸੀ। ਦੀਪਿਕਾ ਅਪ੍ਰੈਲ ’ਚ 4 ਮੈਚਾਂ ਦੇ ਅਰਜਨਟੀਨਾ ਦੌਰੇ ’ਚ ਭਾਰਤੀ ਟੀਮ ’ਚ ਸੀ ਪਰ ਰਿਹੈਬਿਲੀਟੇਸ਼ਨ ’ਚ ਹੋਣ ਕਾਰਨ ਜ਼ਿਆਦਾ ਨਹੀਂ ਖੇਡੀ। ਇਸ ਤੋਂ ਪਹਿਲਾਂ ਮਾਰਚ ’ਚ ਹੈਦਰਾਬਾਦ ’ਚ ਵਿਸ਼ਵ ਕੱਪ ਕੁਆਲੀਫਾਇਰ ਵੀ ਉਹ ਨਹੀਂ ਖੇਡ ਸਕੀ ਸੀ। ਜਨਵਰੀ ’ਚ ਉਹ ਐੱਚ.ਆਈ.ਐੱਲ. ’ਚ ਚੈਂਪੀਅਨ ਐੱਸ.ਜੀ. ਪਾਈਪਰਸ ਟੀਮ ਦਾ ਹਿੱਸਾ ਸੀ ਪਰ ਪੂਰੀ ਤਰ੍ਹਾਂ ਵਾਪਸੀ ਨਹੀਂ ਕਰ ਸਕੀ ਸੀ।
ਸਾਲ 2025 ’ਚ ਹਾਕੀ ਇੰਡੀਆ ਦੇ ਸਰਵੋਤਮ ਉੱਭਰਦੇ ਖਿਡਾਰੀ ਦਾ ਐਵਾਰਡ ਜਿੱਤਣ ਵਾਲੀ ਦੀਪਿਕਾ ਨੇ ਕਿਹਾ, ‘‘ਹਾਕੀ ਤੋਂ ਦੂਰ ਰਹਿਣ ਦਾ ਸਮਾਂ ਮੇਰੇ ਲਈ ਬਹੁਤ ਮੁਸ਼ਕਿਲ ਸੀ। ਮੈਨੂੰ ਗੁੱਸਾ ਆਉਂਦਾ ਸੀ ਅਤੇ ਮੈਂ ਰੋਂਦੀ ਸੀ ਕਿ ਟੀਮ ਤੋਂ ਬਾਹਰ ਕਿਉਂ ਹਾਂ। ਅਰਜਨਟੀਨਾ ਅਤੇ ਆਸਟ੍ਰੇਲੀਆ ਦੌਰੇ ’ਤੇ ਵੀ ਰਿਹੈਬ ’ਚ ਸੀ ਅਤੇ ਨੇਸ਼ਨਜ਼ ਕੱਪ ਤੋਂ ਹੀ ਸਹੀ ਮਾਇਨੇ ’ਚ ਵਾਪਸੀ ਹੋਈ ਹੈ।’’ ਉਸ ਨੇ ਵਾਪਸੀ ਦਾ ਸਿਹਰਾ ਕੋਚ ਸ਼ੋਰਡ ਮਾਰਿਨ, ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ ਵੇਨ ਲੋਮਬਾਰਡ ਅਤੇ ਟ੍ਰੇਨਰ ਨੂੰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News