ਕ੍ਰਿਕਟ ’ਚ ਭਾਰਤੀ ਮਹਿਲਾ ਟੀਮ ਲਈ ਪਿਛਲੇ 4-5 ਸਾਲ ਬਹੁਤ ਵਧੀਆ ਰਹੇ ਹਨ : ਹਰਮਨਪ੍ਰੀਤ ਕੌਰ

Wednesday, Aug 26, 2026 - 10:55 AM (IST)

ਕ੍ਰਿਕਟ ’ਚ ਭਾਰਤੀ ਮਹਿਲਾ ਟੀਮ ਲਈ ਪਿਛਲੇ 4-5 ਸਾਲ ਬਹੁਤ ਵਧੀਆ ਰਹੇ ਹਨ : ਹਰਮਨਪ੍ਰੀਤ ਕੌਰ

ਨਵੀਂ ਦਿੱਲੀ– ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਜਿੱਤ ਦਰਜ ਕਰ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਯੂ. ਏ. ਈ. ’ਚ ਹੋਣ ਵਾਲੇ ਏਸ਼ੀਆ ਕੱਪ ਤੇ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਟੀਮ ’ਚ ਜਿੱਤ ਦਾ ਭਰੋਸਾ ਮਜ਼ਬੂਤ ਹੋ ਰਿਹਾ ਹੈ।ਪਿਛਲੇ ਮਹੀਨੇ ਲਾਰਡਜ਼ ’ਚ ਇੰਗਲੈਂਡ ਨੂੰ ਹਰਾ ਕੇ ਉੱਥੇ ਪਹਿਲੀ ਵਾਰ ਮਹਿਲਾ ਟੈਸਟ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਅਗਲਾ ਟੀਚਾ ਏਸ਼ੀਆ ਕੱਪ ਟੀ-20 ਹੈ। ਭਾਰਤ ਇਸ ਟੂਰਨਾਮੈਂਟ ਦਾ ਰਿਕਾਰਡ 7 ਵਾਰ ਚੈਂਪੀਅਨ ਰਹਿ ਚੁੱਕਾ ਹੈ। ਇਸ ਤੋਂ ਬਾਅਦ ਟੀਮ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ।

ਹਾਲ ਹੀ ’ਚ ਇਤਿਹਾਸਕ ਲਾਰਡਜ਼ ਟੈਸਟ ’ਚ ਭਾਰਤ ਨੂੰ ਜਿੱਤ ਦਿਵਾਉਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, ‘‘ਬੇਸ਼ੱਕ ਸਾਡੀਆਂ ਉਮੀਦਾਂ ਜਿੱਤ ਦੀਆਂ ਹੀ ਹਨ। ਸਾਡੀ ਟੀਮ ਬਹੁਤ ਚੰਗੀ ਕ੍ਰਿਕਟ ਖੇਡ ਰਹੀ ਹੈ।’’ਉਸ ਨੇ ਕਿਹਾ,‘‘ਪਿਛਲੇ 4-5 ਸਾਲ ਸਾਡੇ ਲਈ ਚੰਗੇ ਰਹੇ ਹਨ। ਅਸੀਂ ਲਗਾਤਾਰ ਚੰਗੀ ਤੇ ਦਬਦਬੇ ਵਾਲੀ ਕ੍ਰਿਕਟ ਖੇਡੀ ਹੈ। ਵੱਡੀਆਂ ਟੀਮਾਂ ਨੂੰ ਹਰਾਇਆ ਹੈ ਤੇ ਲੜੀਆਂ ਵੀ ਜਿੱਤੀਆਂ ਹਨ।’’ ਹਰਮਨਪ੍ਰੀਤ ਦੀ ਅਗਵਾਈ ’ਚ ਭਾਰਤੀ ਟੀਮ ਨੇ ਲਾਰਡਜ਼ ’ਚ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਮਹਿਲਾ ਟੈਸਟ ਕ੍ਰਿਕਟ ’ਚ ਦੌੜਾਂ ਦੇ ਫਰਕ ਨਾਲ ਚੌਥੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਹਰਮਨਪ੍ਰੀਤ ਨੇ ਕਿਹਾ,‘‘ਅਸੀਂ ਲਾਰਡਜ਼ ਦੀ ਜਿੱਤ ਤੋਂ ਬਾਅਦ ਇੱਥੇ ਆਏ ਹਾਂ ਅਤੇ ਲਗਾਤਾਰ ਕਈ ਮੁਕਾਬਲੇ ਜਿੱਤੇ ਹਨ। ਟੀਮ ਸਫਲਤਾ ਦਾ ਸਵਾਦ ਚੱਖ ਚੁੱਕੀ ਹੈ ਤੇ ਹੁਣ ਹੋਰ ਜਿੱਤਾਂ ਹਾਸਲ ਕਰਨ ਲਈ ਉਤਸ਼ਾਹਿਤ ਹੈ।’’

ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ’ਚ 8 ਟੀਮਾਂ ਨੂੰ 2 ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤ ਗਰੁੱਪ-ਏ ’ਚ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਹੈ। ਪਿਛਲੇ ਸੈਸ਼ਨ ਦੇ ਫਾਈਨਲ ’ਚ ਸ਼੍ਰੀਲੰਕਾ ਹੱਥੋਂ ਹਾਰ ਜਾਣ ਵਾਲੀ ਭਾਰਤੀ ਟੀਮ ਇਸ ਵਾਰ ਖਿਤਾਬ ਵਾਪਸ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ। ਲਾਰਡਜ਼ ’ਚ ਮਿਲੀ ਇਤਿਹਾਸਕ ਜਿੱਤ ਨਾਲ ਟੀਮ ਦਾ ਆਤਮਵਿਸ਼ਵਾਸ ਵੀ ਵਧਿਆ ਹੋਇਆ ਹੈ। ਹਰਮਨਪ੍ਰੀਤ ਨੇ ਕਿਹਾ,‘‘ਸਭ ਤੋਂ ਚੰਗੀ ਗੱਲ ਇਹ ਹੈ ਕਿ ਟੀਮ ਦੀ ਹਰ ਖਿਡਾਰਨ ਮੈਚ ਤੇ ਟੂਰਨਾਮੈਂਟ ਜਿੱਤਣ ਬਾਰੇ ਗੱਲ ਕਰਦੀ ਹੈ। ਜਦੋਂ ਟੀਮ ’ਚ ਅਜਿਹੀ ਸੋਚ ਤੇ ਸੱਭਿਆਚਾਰ ਹੁੰਦਾ ਹੈ ਤਾਂ ਸਭ ਨੂੰ ਪ੍ਰੇਰਣਾ ਮਿਲਦੀ ਹੈ ਅਤੇ ਹਰ ਟੂਰਨਾਮੈਂਟ ’ਚ ਖੇਡਣ ਦਾ ਉਤਸ਼ਾਹ ਵਧ ਜਾਂਦਾ ਹੈ।’’

ਉਸ ਨੇ ਕਿਹਾ,‘‘ਏਸ਼ੀਆ ਕੱਪ ਕਾਫੀ ਅਹਿਮ ਟੂਰਨਾਮੈਂਟ ਹੈ ਤੇ ਮੈਨੂੰ ਭਰੋਸਾ ਹੈ ਕਿ ਅਸੀਂ ਇਕ ਟੀਮ ਦੇ ਤੌਰ ’ਤੇ ਚੰਗਾ ਖੇਡਾਂਗੇ ਅਤੇ ਦੇਸ਼ ਦਾ ਮਾਣ ਵਧਾਵਾਂਗੀਆਂ।’’ਮਜ਼ਬੂਤ ਟੀਮ ਦੇ ਤੌਰ ’ਤੇ ਪਛਾਣ ਬਣਨ ਤੋਂ ਬਾਅਦ ਉਸ ਨਾਲ ਜੁੜੀਆਂ ਉਮੀਦਾਂ ’ਤੇ ਖਰਾ ਉਤਰਨਾ ਵੀ ਵੱਡੀ ਚੁਣੌਤੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਭਾਰਤੀ ਟੀਮ ਏਸ਼ੀਆਈ ਕ੍ਰਿਕਟ ’ਚ ਦਬਦਬਾ ਰੱਖਦੀ ਹੈ ਅਤੇ ਅਜਿਹੇ ’ਚ ਹਰ ਮੈਚ ’ਚ ਉਸੇ ਅੰਦਾਜ਼ ਨੂੰ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਭਾਰਤ-ਪਾਕਿਸਤਾਨ ਮੁਕਾਬਲੇ ਨੂੰ ਲੈ ਕੇ ਬਣੇ ਭਾਰੀ ਦਬਾਅ ’ਤੇ ਹਰਮਨਪ੍ਰੀਤ ਨੇ ਕਿਹਾ ਕਿ ਖਿਡਾਰੀ ਕੌਮਾਂਤਰੀ ਕ੍ਰਿਕਟ ’ਚ ਲਗਾਤਾਰ ਦਬਾਅ ਦਾ ਸਾਹਮਣਾ ਕਰਦੇ ਹਨ ਪਰ ਇਸ ਮੁਕਾਬਲੇ ਦਾ ਦਬਾਅ ਬਿਲਕੁਲ ਵੱਖਰੇ ਪੱਧਰ ’ਤੇ ਹੁੰਦਾ ਹੈ।

ਉਸ ਨੇ ਕਿਹਾ,‘‘ਇਹ ਨਿਸ਼ਚਿਤ ਰੂਪ ਨਾਲ ਬੇਹੱਦ ਦਬਾਅ ਵਾਲਾ ਮੁਕਾਬਲਾ ਹੁੰਦਾ ਹੈ। ਖਿਡਾਰੀ ਦੇ ਤੌਰ ’ਤੇ ਤੁਹਾਨੂੰ ਕਈ ਚੀਜ਼ਾਂ ਨਾਲ ਨਜਿੱਠਣਾ ਪੈਂਦਾ ਹੈ। ਅਸੀਂ ਲਗਾਤਾਰ ਕੌਮਾਂਤਰੀ ਕ੍ਰਿਕਟ ਖੇਡਦੇ ਹਾਂ ਪਰ ਭਾਰਤ-ਪਾਕਿਸਤਾਨ ਮੈਚ ਵਰਗਾ ਦਬਾਅ ਕਿਤੇ ਹੋਰ ਮਹਿਸੂਸ ਨਹੀਂ ਹੁੰਦਾ।’’ਉਸ ਨੇ ਕਿਹਾ,‘‘ਅਸੀਂ ਜਾਣਦੇ ਹਾਂ ਕਿ ਭਾਰਤ-ਪਾਕਿਸਤਾਨ ਮੁਕਾਬਲਾ ਦੇਸ਼ ਦਾ ਹਰ ਵਿਅਕਤੀ ਦੇਖਦਾ ਹੈ। ਸਿਰਫ ਕ੍ਰਿਕਟ ਪ੍ਰਸ਼ੰਸਕ ਹੀ ਨਹੀਂ, ਸਗੋਂ ਹਰ ਭਾਰਤੀ ਦੀ ਨਜ਼ਰ ਇਸ ਮੈਚ ’ਤੇ ਹੁੰਦੀ ਹੈ, ਕਿਉਂਕਿ ਇਹ ਮੁਕਾਬਲਾ ਸਾਡੇ ਸਾਰਿਆਂ ਲਈ ਬੇਹੱਦ ਮਹੱਤਵਪੂਰਨ ਹੈ।’’ਕਪਤਾਨ ਨੇ ਕਿਹਾ,‘‘ਕਪਤਾਨ ਤੇ ਖਿਡਾਰੀ ਦੇ ਤੌਰ ’ਤੇ ਮੈਂ ਚੀਜ਼ਾਂ ਨੂੰ ਸੌਖਾਲਾ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਸਾਡਾ ਧਿਆਨ ਸਿਰਫ ਕ੍ਰਿਕਟ, ਆਪਣੇ ਟੀਚੇ ਤੇ ਆਪਣੀ ਰੋਜ਼ਾਨਾ ਦੇ ਸ਼ੈਡਿਊਲ ’ਤੇ ਰਹਿੰਦਾ ਹੈ।’’


author

Tarsem Singh

Content Editor

Related News