ਕੋਲਕਾਤਾ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
Sunday, May 04, 2025 - 11:43 AM (IST)

ਕੋਲਕਾਤਾ– ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਐਤਵਾਰ ਨੂੰ ਇੱਥੇ ਜਦੋਂ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰੇਗਾ ਤਾਂ ਉਸਦਾ ਟੀਚਾ ਜਿੱਤ ਹਾਸਲ ਕਰ ਕੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰੱਖਣਾ ਹੋਵੇਗਾ। ਕੋਲਕਾਤਾ ਨੂੰ ਲੀਗ ਪੜਾਅ ਦੇ ਹੁਣ 4 ਮੈਚ ਖੇਡਣੇ ਹਨ ਤੇ ਪਲੇਅ ਆਫ ਲਈ ਉਸਦਾ ਸਮੀਕਰਣ ਸਿੱਧਾ ਹੈ। ਚਾਰੇ ਮੈਚਾਂ ਵਿਚ ਜਿੱਤ ਦਰਜ ਕਰ ਕੇ 17 ਅੰਕਾਂ ਤੱਕ ਪਹੁੰਚਣਾ। ਇਸ ਨਾਲ ਉਹ ਆਖਰੀ-4 ਵਿਚ ਪਹੁੰਚਣ ਲਈ ਅਗਰ-ਮਗਰ ਤੋਂ ਬਚ ਜਾਵੇਗਾ। ਕਾਗਜ਼ਾਂ ’ਤੇ ਇਹ ਅੰਕੜਾ ਭਾਵੇਂ ਹੀ ਸਿੱਧਾ ਨਜ਼ਰ ਆਉਂਦਾ ਹੈ ਪਰ ਅਸਲ ਵਿਚ ਇਹ ਕਾਫੀ ਮੁਸ਼ਕਿਲ ਹੈ।
ਕੇ. ਕੇ. ਆਰ. ਨੂੰ ਇਨ੍ਹਾਂ ਚਾਰ ਮੈਚ ਵਿਚੋਂ ਦੋ ਮੈਚ ਘਰੇਲੂ ਮੈਦਾਨ ’ਤੇ ਖੇਡਣੇ ਹਨ। ਉਹ ਐਤਵਾਰ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਖੇਡਣ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਘਰੇਲੂ ਮੈਦਾਨ ’ਤੇ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕਰੇਗਾ। ਇਸ ਤੋਂ ਇਲਾਵਾ ਉਸ ਨੂੰ 10 ਮਈ ਨੂੰ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਲਗਲੁਰੂ (17 ਮਈ) ਵਿਰੁੱਧ ਉਸਦੇ ਮੈਦਾਨ ’ਤੇ ਮੈਚ ਖੇਡਣੇ ਹਨ। ਸਨਰਾਈਜ਼ਰਜ਼ ਦੀ ਟੀਮ ਆਪਣਾ ਉਤਸ਼ਾਹ ਗੁਆ ਚੁੱਕੀ ਹੈ ਪਰ ਬੈਂਗਲੁਰੂ ਦੀ ਟੀਮ ਸ਼ਾਨਦਾਰ ਫਾਰਮ ਵਿਚ ਚੱਲ ਰਹੀ ਹੈ ਤੇ ਅਜਿਹੇ ਵਿਚ ਕੋਲਕਾਤਾ ਦਾ ਆਖਰੀ ਮੁਕਾਬਲਾ ਬੇਹੱਦ ਰੋਮਾਂਚਕ ਹੋਣ ਦੀ ਸੰਭਾਵਨਾ ਹੈ ਪਰ ਇਹ ਅਜੇ ਬਾਅਦ ਦੀ ਗੱਲ ਹੈ ਤੇ ਕੇ. ਕੇ. ਆਰ. ਨੂੰ ਅਜੇ ਆਪਣਾ ਧਿਆਨ ਘਰੇਲੂ ਮੈਦਾਨ ’ਤੇ ਹੋਣ ਵਾਲੇ ਦੋ ਮੈਚਾਂ ’ਤੇ ਕੇਂਦ੍ਰਿਤ ਕਰਨਾ ਪਵੇਗਾ।
ਰਾਜਸਥਾਨ ਤੇ ਚੇਨਈ ਦੀਆਂ ਟੀਮਾਂ ਪਲੇਅ ਆਫ ਦੀ ਦੌੜ ਵਿਚੋਂ ਲੱਗਭਗ ਬਾਹਰ ਹੋ ਚੁੱਕੀਆਂ ਹਨ ਤੇ ਅਜਿਹੇ ਵਿਚ ਉਹ ਬਿਨਾਂ ਕਿਸੇ ਖਾਸ ਦਬਾਅ ਦੇ ਮੈਦਾਨ ’ਤੇ ਉਤਰਨਗੀਆਂ, ਜਿਨ੍ਹਾਂ ਨਾਲ ਨਜਿੱਠਣਾ ਕੇ. ਕੇ. ਆਰ. ਲਈ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : IPL 'ਚ ਕਿੰਨਾ ਕਮਾਉਂਦੀਆਂ ਹਨ ਚੀਅਰਲੀਡਰਸ? ਕਮਾਈ ਜਾਣ ਉੱਡ ਜਾਣਗੇ ਹੋਸ਼
ਕੇ. ਕੇ. ਆਰ. ਦੀ ਵੱਡੀ ਚਿੰਤਾ ਘਰੇਲੂ ਮੈਦਾਨ ’ਤੇ ਉਸਦਾ ਖਰਾਬ ਪ੍ਰਦਰਸ਼ਨ ਹੈ। ਈਡਨ ਗਾਰਡਨ ਕਦੇ ਉਸਦਾ ਗੜ੍ਹ ਹੁੰਦਾ ਸੀ ਪਰ ਇਸ ਵਾਰ ਉਸ ਨੇ ਅਜੇ ਤੱਕ 5 ਮੈਚਾਂ ਵਿਚੋਂ ਸਿਰਫ ਇਕ ਜਿੱਤ ਹਾਸਲ ਕੀਤੀ ਹੈ ਜਦਕਿ ਪੰਜਾਬ ਕਿੰਗਜ਼ ਵਿਰੁੱਧ ਪਿਛਲਾ ਮੈਚ ਮੀਂਹ ਕਾਰਨ ਪੂਰਾ ਨਹੀਂ ਹੋ ਸਕਿਆ ਸੀ ਤੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਸੀ। ਕੇ. ਕੇ. ਆਰ. ਦੇ ਸਪਿੰਨਰ ਇੱਥੇ ਅਸਮਾਨੀ ਉਛਾਲ ਨਾਲ ਤਾਲਮੇਲ ਬਿਠਾਉਣ ਵਿਚ ਅਸਫਲ ਰਹੇ ਹਨ ਜਦਕਿ ਉਸਦੇ ਬੱਲੇਬਾਜ਼ ਵੀ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸਦੀ ਬੱਲੇਬਾਜ਼ੀ ਵਿਚ ਹਮਲਾਵਰਤਾ ਦੀ ਕਮੀ ਦਿਸ ਰਹੀ ਹੈ, ਜਿਸ ਦੇ ਦਮ ’ਤੇ ਉਸਦੀ ਟੀਮ ਨੇ ਪਿਛਲੇ ਸਾਲ ਖਿਤਾਬ ਜਿੱਤਿਆ ਸੀ।
ਪਿਛਲੇ ਸੈਸ਼ਨ ਵਿਚ ਸੁਰਖੀਆਂ ਬਟੋਰਨ ਵਾਲੇ ਫਿਨਿਸ਼ਰ ਰਿੰਕੂ ਸਿੰਘ 8 ਪਾਰੀਆਂ ਵਿਚੋਂ ਸਿਰਫ 169 ਦੌੜਾਂ ਬਣਾ ਸਕਿਆ ਹੈ ਜਦਕਿ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ ਨੇ 7 ਪਾਰੀਆਂ ਵਿਚ 137.50 ਦੀ ਸਟ੍ਰਾਈਕ ਰੇਟ ਨਾਲ 143 ਦੌੜਾਂ ਬਣਾਈਆਂ ਹਨ। ਉਸਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਹੈ ਪਰ ਕੇ. ਕੇ. ਆਰ. ਨੂੰ ਸਭ ਤੋਂ ਵੱਧ ਨਿਰਾਸ਼ ਵੈਂਕਟੇਸ਼ ਅਈਅਰ ਨੇ ਕੀਤਾ ਹੈ ਜਿਸ ਨੂੰ ਇਸ ਫ੍ਰੈਂਚਾਈਜ਼ੀ ਨੇ 23.75 ਕਰੋੜ ਰੁਪਏ ਵਿਚ ਖਰੀਦ ਕੇ ਉਪ ਕਪਤਾਨ ਨਿਯੁਕਤ ਕੀਤਾ ਸੀ। ਵੈਂਕਟੇਸ਼ ਨੇ 10 ਮੈਚਾਂ ਵਿਚ ਸਿਰਫ 142 ਦੌੜਾਂ ਬਣਾਈਆਂ ਹਨ। ਕਪਤਾਨ ਅਜਿੰਕਯ ਰਹਾਨੇ ਇਸ ਸੈਸ਼ਨ ਵਿਚ ਕੇ. ਕੇ. ਆਰ. ਦਾ ਸਭ ਤੋਂ ਭਰੋਸੇਮੰਦ ਬੱਲੇਬਾਜ਼ ਰਿਹਾ ਹੈ ਪਰ ਉਹ ਫੀਲਡਿੰਗ ਦੌਰਾਨ ਹੱਥ ਵਿਚ ਲੱਗੀ ਸੱਟ ਨਾਲ ਜੂਝ ਰਿਹਾ ਹੈ।
ਰਾਜਸਥਾਨ ਰਾਇਲਜ਼ ਦਾ ਅਜੇ ਤੱਕ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ। ਉਸਦੀ ਟੀਮ ਨੇ ਆਪਣੇ ਪਿਛਲੇ ਸੱਤ ਮੈਚਾਂ ਵਿਚੋਂ ਸਿਰਫ 1 ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਉਸਦੀ ਨਿਲਾਮੀ ਦੌਰਾਨ ਅਪਣਾਈ ਗਈ ਰਣਨੀਤੀ ਦੀਆਂ ਕਾਮੀਆਂ ਵੀ ਉਜਾਗਰ ਹੋ ਗਈਆਂ ਹਨ। ਆਈ. ਪੀ.ਐੱਲ. ਦੀ ਨਵੀਂ ਸਨਸਨੀ 14 ਸਾਲਾ ਵੈਭਵ ਸੂਰਯਵੰਸ਼ੀ ਨੇ 35 ਗੇਂਦਾਂ ’ਤੇ ਸੈਂਕੜਾ ਲਾ ਕੇ ਕ੍ਰਿਕਟ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਉਸ ਤੋਂ ਹਰ ਸਮੇਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8