IPL 2026: ਮੀਂਹ ਦੀ ਭੇਟ ਚੜ੍ਹਿਆ ਕੋਲਕਾਤਾ ਅਤੇ ਪੰਜਾਬ ਦਾ ਮੈਚ, ਦੋਵਾਂ ਟੀਮਾਂ ਨੂੰ ਮਿਲਿਆ 1-1 ਅੰਕ

Monday, Apr 06, 2026 - 11:22 PM (IST)

IPL 2026: ਮੀਂਹ ਦੀ ਭੇਟ ਚੜ੍ਹਿਆ ਕੋਲਕਾਤਾ ਅਤੇ ਪੰਜਾਬ ਦਾ ਮੈਚ, ਦੋਵਾਂ ਟੀਮਾਂ ਨੂੰ ਮਿਲਿਆ 1-1 ਅੰਕ

ਕੋਲਕਾਤਾ - ਕੋਲਕਾਤਾ ਦੇ ਈਡਨ ਗਾਰਡਨ ਵਿੱਚ ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਕਾਰ ਖੇਡਿਆ ਗਿਆ ਆਈ.ਪੀ.ਐੱਲ. ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਸਿਰਫ 3.4 ਓਵਰਾਂ ਦੀ ਖੇਡ ਤੋਂ ਬਾਅਦ ਪਈ ਭਾਰੀ ਬਾਰਿਸ਼ ਕਾਰਨ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਦੋਵਾਂ ਟੀਮਾਂ ਨੂੰ 1-1 ਅੰਕ ਵੰਡਿਆ ਗਿਆ ਹੈ।

ਇਸ ਇੱਕ ਅੰਕ ਦੇ ਨਾਲ ਪੰਜਾਬ ਕਿੰਗਜ਼ ਦੀ ਟੀਮ ਤਿੰਨ ਮੈਚਾਂ ਵਿੱਚ ਪੰਜ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਦਾ ਮੌਜੂਦਾ ਸੀਜ਼ਨ ਵਿੱਚ ਅੰਕਾਂ ਦਾ ਖਾਤਾ ਖੁੱਲ੍ਹ ਗਿਆ ਹੈ। ਆਪਣੇ ਪਹਿਲੇ ਦੋਵੇਂ ਮੈਚ ਹਾਰ ਚੁੱਕੀ ਕੋਲਕਾਤਾ ਦੀ ਟੀਮ ਇਸ ਮੈਚ ਵਿੱਚ ਵੀ 25 ਦੌੜਾਂ 'ਤੇ 2 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ।

ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਦੂਜੇ ਹੀ ਓਵਰ ਵਿੱਚ ਜ਼ੇਵੀਅਰ ਬਾਰਟਲੇਟ ਨੇ ਦੋ ਵਿਕਟਾਂ ਝਟਕ ਕੇ ਕੋਲਕਾਤਾ ਨੂੰ ਵੱਡਾ ਝਟਕਾ ਦਿੱਤਾ। ਬਾਰਟਲੇਟ ਨੇ ਫਿਨ ਐਲਨ (6) ਅਤੇ ਕੈਮਰਨ ਗ੍ਰੀਨ (4) ਨੂੰ ਲਗਾਤਾਰ ਆਊਟ ਕੀਤਾ। 25.20 ਕਰੋੜ ਰੁਪਏ ਦੀ ਕੀਮਤ ਵਾਲੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਕੈਮਰਨ ਗ੍ਰੀਨ ਦਾ ਖਰਾਬ ਪ੍ਰਦਰਸ਼ਨ ਇਸ ਮੈਚ ਵਿੱਚ ਵੀ ਜਾਰੀ ਰਿਹਾ। ਜਦੋਂ ਮੀਂਹ ਕਾਰਨ ਖੇਡ ਰੋਕੀ ਗਈ, ਉਦੋਂ ਕਪਤਾਨ ਅਜਿੰਕਿਆ ਰਹਾਣੇ 8 ਅਤੇ ਅੰਗਕ੍ਰਿਸ਼ ਰਘੂਵੰਸ਼ੀ 7 ਦੌੜਾਂ 'ਤੇ ਖੇਡ ਰਹੇ ਸਨ।

ਇਸ ਮੈਚ ਨੂੰ ਦੇਖਣ ਲਈ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਵੀ ਸਟੇਡੀਅਮ ਵਿੱਚ ਮੌਜੂਦ ਸਨ, ਜੋ ਇਸ ਸੀਜ਼ਨ ਵਿੱਚ ਪਹਿਲੀ ਵਾਰ ਆਪਣੀ ਟੀਮ ਦਾ ਹੌਸਲਾ ਵਧਾਉਣ ਆਏ ਸਨ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸੀਜ਼ਨ ਵਿੱਚ ਵੀ (26 ਅਪ੍ਰੈਲ ਨੂੰ) ਈਡਨ ਗਾਰਡਨ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਇਆ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ ਸੀ।
 


author

Inder Prajapati

Content Editor

Related News