''ਆਪਣੀ ਬੱਲੇਬਾਜ਼ੀ ਤੇ ਖੁਦ ''ਤੇ  ਧਿਆਨ ਦਿਓ'': IPL ''ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕੋਹਲੀ ਦੀ ਵੈਭਵ ਨੂੰ ਸਲਾਹ

Wednesday, Jun 03, 2026 - 05:48 PM (IST)

''ਆਪਣੀ ਬੱਲੇਬਾਜ਼ੀ ਤੇ ਖੁਦ ''ਤੇ  ਧਿਆਨ ਦਿਓ'': IPL ''ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕੋਹਲੀ ਦੀ ਵੈਭਵ ਨੂੰ ਸਲਾਹ

ਅਹਿਮਦਾਬਾਦ : ਭਾਰਤ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਆਈਪੀਐਲ (IPL) 2026 ਦੇ ਫਾਈਨਲ ਤੋਂ ਬਾਅਦ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਭਵਿੱਖ ਲਈ ਇੱਕ ਬੇਹੱਦ ਖ਼ਾਸ ਸਲਾਹ ਦਿੱਤੀ ਹੈ। ਐਤਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਣ ਤੋਂ ਬਾਅਦ ਕੋਹਲੀ ਅਤੇ ਰਾਜਸਥਾਨ ਰਾਇਲਜ਼ ਦੇ ਇਸ ਹੋਨਹਾਰ ਖਿਡਾਰੀ ਵਿਚਾਲੇ ਹੋਈ ਗੱਲਬਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਮੁਲਾਕਾਤ ਦੌਰਾਨ ਕੋਹਲੀ ਨੇ ਸੂਰਿਆਵੰਸ਼ੀ ਦੀ ਮਿਹਨਤ ਅਤੇ ਆਤਮ-ਵਿਸ਼ਵਾਸ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਨੌਜਵਾਨ ਖਿਡਾਰੀ ਨੂੰ ਬਾਹਰੀ ਗੱਲਾਂ ਵੱਲ ਧਿਆਨ ਨਾ ਦੇਣ ਦੀ ਸਲਾਹ ਦਿੰਦਿਆਂ ਕਿਹਾ, "ਤੁਹਾਨੂੰ ਇੱਥੋਂ ਹੋਰ ਵੀ ਉਚਾਈਆਂ 'ਤੇ ਜਾਣਾ ਹੈ। ਤੁਸੀਂ ਜੋ ਵੀ ਹਾਸਲ ਕੀਤਾ ਹੈ, ਉਹ ਤੁਹਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਗੱਲ ਵੱਲ ਧਿਆਨ ਨਾ ਦਿਓ ਕਿ ਕੌਣ ਕੀ ਕਹਿ ਰਿਹਾ ਹੈ। ਬਸ ਆਪਣੀ ਬੱਲੇਬਾਜ਼ੀ ਅਤੇ ਖ਼ੁਦ 'ਤੇ ਧਿਆਨ ਕੇਂਦਰਿਤ ਰੱਖੋ। ਇੱਕ ਬਿਹਾਰੀ ਸਭ 'ਤੇ ਭਾਰੀ।"

ਰਿਕਾਰਡਾਂ ਵਾਲਾ ਸੀਜ਼ਨ 
ਭਾਵੇਂ ਰਾਜਸਥਾਨ ਰਾਇਲਜ਼ ਦੀ ਟੀਮ ਖ਼ਿਤਾਬ ਜਿੱਤਣ ਤੋਂ ਖੁੰਝ ਗਈ, ਪਰ ਵੈਭਵ ਸੂਰਿਆਵੰਸ਼ੀ ਇਸ ਸੀਜ਼ਨ ਦੇ ਸਭ ਤੋਂ ਵੱਡੇ ਸਿਤਾਰੇ ਵਜੋਂ ਉੱਭਰੇ ਹਨ। ਉਨ੍ਹਾਂ ਨੇ ਇਸ ਸੀਜ਼ਨ ਵਿੱਚ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ:

ਔਰੇਂਜ ਕੈਪ : ਟੂਰਨਾਮੈਂਟ ਵਿੱਚ ਸਭ ਤੋਂ ਵੱਧ 776 ਦੌੜਾਂ ਬਣਾਈਆਂ।

ਛੱਕਿਆਂ ਦਾ ਰਿਕਾਰਡ : ਪੂਰੇ ਸੀਜ਼ਨ ਵਿੱਚ ਰਿਕਾਰਡ 72 ਛੱਕੇ ਜੜ ਕੇ 'ਸੁਪਰ ਸਿਕਸਿਜ਼' ਐਵਾਰਡ ਜਿੱਤਿਆ।

ਸੁਪਰ ਸਟ੍ਰਾਈਕਰ : 237.31 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ।

ਉਨ੍ਹਾਂ ਨੂੰ 'ਮੋਸਟ ਵੈਲਿਊਏਬਲ ਪਲੇਅਰ' (MVP) ਅਤੇ 'ਇਮਰਜਿੰਗ ਪਲੇਅਰ ਆਫ ਦ ਸੀਜ਼ਨ' ਵੀ ਚੁਣਿਆ ਗਿਆ।

ਜ਼ਿਕਰਯੋਗ ਹੈ ਕਿ ਸੀਜ਼ਨ ਦੀ ਸ਼ੁਰੂਆਤ ਵਿੱਚ ਵੀ ਕੋਹਲੀ ਨੇ ਸੂਰਿਆਵੰਸ਼ੀ ਨੂੰ ਆਟੋਗ੍ਰਾਫ ਦਿੱਤਾ ਸੀ। ਇਹ ਉਦੋਂ ਹੋਇਆ ਸੀ ਜਦੋਂ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਗੁਵਾਹਾਟੀ ਵਿੱਚ ਹੋਏ ਇੱਕ ਮੈਚ ਦੌਰਾਨ RCB ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁੱਟਾਪਾ ਚਾੜ੍ਹਿਆ ਸੀ।
 


author

Tarsem Singh

Content Editor

Related News