ਜਾਣੋ ਕੌਣ ਹਨ ਭਾਰਤ ਨੂੰ ਓਲੰਪਿਕ ''ਚ ਇਤਿਹਾਸਕ ਕਾਂਸੀ ਦਿਵਾਉਣ ਵਾਲੇ ਸਵਪਲਿਨ?
Thursday, Aug 01, 2024 - 05:29 PM (IST)

ਪੈਰਿਸ- ਪੁਣੇ ਵਿੱਚ ਜਨਮੇ ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 50 ਮੀਟਰ 3-ਪੋਜ਼ੀਸ਼ਨ ਮੁਕਾਬਲੇ ਵਿੱਚ ਭਾਰਤ ਨੂੰ ਇਤਿਹਾਸਕ ਕਾਂਸੀ ਦਾ ਤਮਗਾ ਦਿਵਾਇਆ ਹੈ। ਉਹ ਇਸ ਈਵੈਂਟ ਵਿੱਚ ਭਾਰਤ ਲਈ ਓਲੰਪਿਕ ਤਮਗਾ ਜਿੱਤਣ ਵਾਲੇ ਪਹਿਲੇ ਅਥਲੀਟ ਹਨ। ਉਹ ਕੁਆਲੀਫਿਕੇਸ਼ਨ ਰਾਊਂਡ ਵਿੱਚ ਸੱਤਵੇਂ ਸਥਾਨ ’ਤੇ ਰਹੇ ਸਨ। ਰਾਈਫਲ ਥ੍ਰੀ ਪੋਜੀਸ਼ਨ ਵਿੱਚ ਨਿਸ਼ਾਨੇਬਾਜ਼ ਦਾ ਟੀਚਾ ਤਿੰਨ ਪੋਜੀਸ਼ਨਾਂ ਵਿੱਚ ਹੁੰਦਾ ਹੈ। ਇਨ੍ਹਾਂ ਵਿੱਚ ਨੀਲਿੰਗ ਭਾਵ ਗੋਡਿਆਂ ਦੇ ਭਾਰ ਬੈਠਕੇ, ਪ੍ਰੋਨ ਭਾਵ ਪੇਟ ਦੇ ਭਾਰ ਲੇਟ ਕੇ ਅਤੇ ਸਟੈਡਿੰਗ ਭਾਵ ਖੜ੍ਹੇ-ਖੜ੍ਹੇ ਸ਼ਾਟ ਲਗਾਇਆ ਜਾਂਦਾ ਹੈ।
ਇਸ ਦੇ ਨਾਲ ਹੀ ਫਾਈਨਲ 'ਚ ਵੀ ਸਵਪਨਿਲ ਨੀਲਿੰਗ ਅਤੇ ਪ੍ਰੋਨ ਰਾਊਂਡ ਤੋਂ ਬਾਅਦ ਛੇਵੇਂ ਸਥਾਨ 'ਤੇ ਚੱਲ ਰਿਹਾ ਸਨ। ਉਨ੍ਹਾਂ ਨੇ ਸਟੈਂਡਿੰਗ ਪੋਜੀਸ਼ਨ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੇ ਪਹਿਲੇ ਓਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤਿਆ। ਕੁਸਾਲੇ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ 60 ਸ਼ਾਟ ਵਿੱਚ 590 ਦੇ ਸਕੋਰ ਨਾਲ ਚੋਟੀ ਦੇ ਅੱਠ ਨਿਸ਼ਾਨੇਬਾਜ਼ਾਂ ਵਿੱਚ ਸ਼ਾਮਲ ਹੋਇਆ, ਜਿਸ ਵਿੱਚ 38 ਅੰਦਰੂਨੀ 10 ਸ਼ਾਮਲ ਹਨ। ਕੁਸਾਲੇ ਦੇ ਨਾਲ ਹੀ ਇਕ ਹੋਰ ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ 589 ਅੰਕਾਂ ਨਾਲ ਕੁਆਲੀਫਿਕੇਸ਼ਨ ਰਾਊਂਡ 'ਚ 11ਵੇਂ ਸਥਾਨ 'ਤੇ ਰਹੀ। ਕੁਸਾਲੇ ਦਾ ਤਮਗਾ ਜਿੱਤਣ ਦਾ ਸਫ਼ਰ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ।
6 ਅਗਸਤ 1995 ਨੂੰ ਪੁਣੇ ਵਿੱਚ ਜਨਮੇ ਸਵਪਨਿਲ ਕੁਸਾਲੇ ਇੱਕ ਖੇਤੀਬਾੜੀ ਪਿਛੋਕੜ ਤੋਂ ਆਉਂਦੇ ਹਨ। ਸਵਪਨਿਲ ਨੇ 2009 ਵਿੱਚ ਸ਼ੂਟਿੰਗ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ, ਜਦੋਂ ਉਨ੍ਹਾਂ ਦੇ ਪਿਤਾ ਨੇ ਉਸਨੂੰ ਮਹਾਰਾਸ਼ਟਰ ਦੀ ਕ੍ਰਿਦਾ ਪ੍ਰਬੋਧਿਨੀ, ਇੱਕ ਪ੍ਰਾਇਮਰੀ ਸਪੋਰਟਸ ਪ੍ਰੋਗਰਾਮ ਵਿੱਚ ਦਾਖਲ ਕਰਵਾਇਆ। ਇੱਕ ਸਾਲ ਦੀ ਤੀਬਰ ਸਿਖਲਾਈ ਤੋਂ ਬਾਅਦ, ਸਵਪਨਿਲ ਨੇ ਆਪਣੇ ਖੇਡ ਕੈਰੀਅਰ ਵਜੋਂ ਸ਼ੂਟਿੰਗ ਨੂੰ ਚੁਣਿਆ। ਉਨ੍ਹਾਂ ਦੇ ਸਮਰਪਣ ਅਤੇ ਪ੍ਰਤਿਭਾ ਨੂੰ ਜਲਦੀ ਹੀ ਪਛਾਣਿਆ ਗਿਆ ਅਤੇ 2013 ਵਿੱਚ ਉਨ੍ਹਾਂ ਨੂੰ ਲਕਸ਼ਯ ਸਪੋਰਟਸ ਤੋਂ ਸਪਾਂਸਰਸ਼ਿਪ ਮਿਲੀ।
ਸ਼ੂਟਿੰਗ ਦੀ ਦੁਨੀਆ ਵਿੱਚ ਕੁਸਾਲੇ ਦੀਆਂ ਪ੍ਰਾਪਤੀਆਂ ਜ਼ਿਕਰਯੋਗ ਹਨ। ਉਨ੍ਹਾਂ ਨੇ ਕੁਵੈਤ ਵਿੱਚ 2015 ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 3 ਮੀਟਰ ਰਾਈਫਲ ਪ੍ਰੋਨ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗਗਨ ਨਾਰੰਗ ਅਤੇ ਚੈਨ ਸਿੰਘ ਵਰਗੇ ਮਸ਼ਹੂਰ ਨਿਸ਼ਾਨੇਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਤੁਗਲਕਾਬਾਦ ਵਿੱਚ 59ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜਿੱਤੀ। ਉਨ੍ਹਾਂ ਨੇ ਤਿਰੂਵਨੰਤਪੁਰਮ ਵਿੱਚ 61ਵੀਂ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਇੱਕ ਹੋਰ ਸੋਨ ਤਮਗਾ ਜਿੱਤ ਕੇ ਇਸ ਸਫਲਤਾ ਨੂੰ ਦੁਹਰਾਇਆ।
ਸਵਪਨਿਲ ਕਾਹਿਰਾ ਵਿੱਚ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਚੌਥੇ ਸਥਾਨ 'ਤੇ ਰਿਹਾ ਸੀ, ਇਸ ਤਰ੍ਹਾਂ ਭਾਰਤ ਲਈ ਓਲੰਪਿਕ ਕੋਟਾ ਸਥਾਨ ਹਾਸਲ ਕੀਤਾ। ਪੁਣੇ ਵਿੱਚ ਜਨਮੇ ਨਿਸ਼ਾਨੇਬਾਜ਼ ਨੇ 2022 ਏਸ਼ੀਅਨ ਖੇਡਾਂ ਵਿੱਚ ਟੀਮ ਈਵੈਂਟ ਵਿੱਚ ਇੱਕ ਸੋਨ ਤਮਗਾ ਅਤੇ ਬਾਕੂ ਵਿੱਚ 2023 ਵਿਸ਼ਵ ਕੱਪ ਵਿੱਚ ਮਿਕਸਡ ਟੀਮ ਮੁਕਾਬਲੇ ਵਿੱਚ ਇੱਕ ਸੋਨ ਤਮਗਾ ਅਤੇ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ।