ਇੰਗਲੈਂਡ ਲਾਇਨਜ਼ ਖਿਲਾਫ ਦੂਸਰੇ 4 ਦਿਨਾ ਮੈਚ ’ਚ ਨਜ਼ਰਾਂ KL ਰਾਹੁਲ ’ਤੇ
Thursday, Jun 05, 2025 - 11:12 PM (IST)

ਨਾਰਥੰਪਟਨ- ਇੰਗਲੈਂਡ ਖਿਲਾਫ ਟੈਸਟ ਲੜੀ ਤੋਂ ਪਹਿਲਾਂ ਕੇ. ਐੱਲ. ਰਾਹੁਲ ਦੀਆਂ ਨਜ਼ਰਾਂ ਲਾਲ ਗੇਂਦ ਦੇ ਫਾਰਮੈੱਟ ’ਚ ਅਭਿਆਸ ’ਤੇ ਹੋਣਗੀਆਂ, ਜਦੋਂ ਭਾਰਤ-ਏ ਟੀਮ ਸ਼ੁੱਕਰਵਾਰ ਤੋਂ ਇੰਗਲੈਂਡ ਲਾਇਨਜ਼ ਖਿਲਾਫ ਦੂਸਰੇ ਅਤੇ ਆਖਰੀ ਅਣ-ਅਧਿਕਾਰਿਤ ਟੈਸਟ ਖੇਡਣ ਉਤਰੇਗੀ। ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਮਾਨਸੂਨ ਹੋਣ ਕਾਰਨ ਰਾਹੁਲ ਨੇ ਟੈਸਟ ਟੀਮ ਤੋਂ ਪਹਿਲਾਂ ਅਭਿਆਸ ਲਈ ਬ੍ਰਿਟੇਨ ਪਹੁੰਚਣ ਦਾ ਫੈਸਲਾ ਕੀਤਾ। ਪਹਿਲਾ ਟੈਸਟ 20 ਜੂਨ ਤੋਂ ਸ਼ੁਰੂ ਹੋਵੇਗਾ। ਸ਼ੁੱਭਮਨ ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਸ਼ੁੱਕਰਵਾਰ ਮੁੰਬਈ ਤੋਂ ਰਵਾਨਾ ਹੋਵੇਗੀ।
ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਟੈਸਟ ਕ੍ਰਿਕਟ ਤੋਂ ਵਿਦਾਈ ਲੈ ਚੁੱਕੇ ਹਨ। ਰਾਹੁਲ ਨੇ 58 ਟੈਸਟ ’ਚ 33.57 ਦੀ ਔਸਤ ਨਾਲ ਦੌੜਾਂ ਬਣਾਈਆਂ ਪਰ ਉਸ ਨੂੰ ਜ਼ਿਆਦਾਤਰ ਸਫਲਤਾ ਟਾਪ ਕ੍ਰਮ ’ਚ ਮਿਲੀ ਹੈ। ਹੁਣ ਦੇਖਣਾ ਹੈ ਕਿ ਉਹ ਇਸੇ ਕ੍ਰਮ ’ਤੇ ਉਤਰਦੇ ਹਨ ਜਾਂ ਇਸ ’ਚ ਬਦਲਾਅ ਕੀਤਾ ਜਾਂਦਾ ਹੈ। ਗਿੱਲ ਅਤੇ ਸਾਈ ਸੁਦਰਸ਼ਨ ਨੇ ਵੀ ਦੂਸਰਾ 4 ਦਿਨਾ ਮੈਚ ਖੇਡਣਾ ਸੀ ਪਰ ਆਈ. ਪੀ. ਐੱਲ. ਕਾਰਨ ਨਹੀਂ ਖੇਡ ਸਕੇ। ਦੋਵਾਂ ਨੂੰ ਲੀਡਜ਼ ’ਤੇ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਸਿਰਫ ਟੀਮ ਨਾਲ ਅਭਿਆਸ ਦਾ ਮੌਕਾ ਮਿਲ ਸਕੇਗਾ। ਟੈਸਟ ਟੀਮ ਦੇ ਮੈਂਬਰਾਂ ’ਚੋਂ 6 ਨੇ ਇੰਗਲੈਂਡ ਲਾਇਨਜ਼ ਖਿਲਾਫ ਪਹਿਲਾ ਮੈਚ ਖੇਡਿਆ ਜੋ ਡਰਾਅ ਰਿਹਾ।
ਤੇਜ਼ ਗੇਂਦਬਾਜ਼ ਆਕਾਸ਼ਦੀਪ ਦੂਸਰਾ ਮੈਚ ’ਚ ਖੇਡੇਗਾ। ਯਸ਼ਸਵੀ ਜਾਇਸਵਾਲ, ਅਭਿਮੰਨਿਊ ਈਸ਼ਵਰਨ ਅਤੇ ਕਰੁਣ ਨਾਇਰ ਨੇ ਪਹਿਲੇ ਮੈਚ ’ਚ ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਦੀਂ ਸੰਭਾਵਨਾ ਹੈ ਕਿ ਰਿੱਤੁਰਾਜ ਗਾਇਕਵਾੜ ਅਤੇ ਈਸ਼ਾਨ ਕਿਸ਼ਨ ਨੂੰ ਇਸ ਮੈਚ ’ਚ ਮੌਕਾ ਦਿੱਤਾ ਜਾਵੇ। ਤੇਜ਼ ਗੇਂਦਬਾਜ਼ ਹਰਫਨਮੌਲਾ ਲਈ ਸ਼ਾਰਦੁਲ ਠਾਕੁਰ ਅਤੇ ਨਿਤਿਸ਼ ਰੈੱਡੀ ’ਚੋਂ ਇਕ ਦੀ ਚੋਣ ਹੋਵੇਗੀ। ਦੋਵਾਂ ਨੇ ਕੈਂਟਰਬਰੀ ’ਚ ਪਹਿਲਾ ਮੈਚ ਖੇਡਿਆ ਪਰ ਠਾਕੁਰ ਨੇ ਰੈੱਡੀ ਤੋਂ ਜ਼ਿਆਦਾ ਗੇਂਦਬਾਜ਼ੀ ਕੀਤੀ।
ਫਿਟਨੈੱਸ ਕਾਰਨਾਂ ਕਰ ਕੇ ਰੈੱਡੀ ਆਈ. ਪੀ. ਐੱਲ. ’ਚ ਵੀ ਜ਼ਿਆਦਾ ਨਹੀਂ ਖੇਡ ਸਕਿਆ ਸੀ। ਜੇਕਰ ਇਕ ਵਾਰ ਫਿਰ ਸਪਾਟ ਪਿੱਚ ਮਿਲਦੀ ਹੈ ਤਾਂ ਰਾਹੁਲ ਐਂਡ ਕੰਪਨੀ ਲਈ ਤਿਆਰੀਆਂ ਦੇ ਲਿਹਾਜ਼ ਨਾਲ ਇਹ ਚੰਗਾ ਨਹੀਂ ਹੋਵੇਗਾ। ਇੰਗਲੈਂਡ ਲਾਇਨਜ਼ ਲਈ ਤੇਜ਼ ਗੇਂਦਬਾਜ਼ ਜੋਸ਼ ਟੰਗ ਅਤੇ ਕ੍ਰਿਸ ਵੋਕਸ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰਨਗੇ, ਜਿਨ੍ਹਾਂ ਨੂੰ ਪਹਿਲੇ ਟੈਸਟ ਲਈ ਇੰਗਲੈਂਡ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਮਾਰਕ ਵੁੱਡ ਅਤੇ ਜੋਫਰਾ ਆਰਚਰ ਦਾ ਸੱਟ ਕਾਰਨ ਭਾਰਤ ਖਿਲਾਫ ਖੇਡਣਾ ਸ਼ੱਕੀ ਹੈ। ਗੁੱਸ ਏਟਕਿੰਸਨ ਵੀ ਪਹਿਲੇ ਟੈਸਟ ’ਚੋਂ ਬਾਹਰ ਹੋ ਸਕਦਾ ਹੈ।