KL ਰਾਹੁਲ ਨੇ ਠੋਕਿਆ ਸੈਂਕੜਾ, ਗੋਰਿਆਂ ਦੀ ਉਡਾਈ ਨੀਂਦ

Saturday, Jun 07, 2025 - 01:36 AM (IST)

KL ਰਾਹੁਲ ਨੇ ਠੋਕਿਆ ਸੈਂਕੜਾ, ਗੋਰਿਆਂ ਦੀ ਉਡਾਈ ਨੀਂਦ

ਸਪੋਰਟਸ ਡੈਸਕ–ਆਈ. ਪੀ. ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਕ੍ਰਿਕਟਰ ਲੋਕੇਸ਼ ਰਾਹੁਲ ਨੇ ਇੰਗਲੈਂਡ ਦੌਰੇ ’ਤੇ ਭਾਰਤ-ਏ ਵੱਲੋਂ ਸੈਂਕੜਾ ਲਾ ਕੇ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਯਸ਼ਸਵੀ ਜਾਇਸਵਾਲ ਦੇ ਨਾਲ ਸਲਾਮੀ ਜੋੜੀਦਾਰ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਉਤਰੇ ਰਾਹੁਲ ਨੇ 168 ਗੇਂਦਾਂ ਵਿਚ 15 ਚੌਕੇ ਤੇ 1 ਛੱਕਾ ਲਾ ਕੇ 116 ਦੌੜਾਂ ਦੀ ਪਾਰੀ ਖੇਡੀ।
ਇਸ ਦੌਰਾਨ ਉਸ ਨੇ ਕਰੁਣ ਨਾਇਰ (40) ਨਾਲ ਤੀਜੀ ਵਿਕਟ ਲਈ 86 ਤੇ ਧਰੁਵ ਜੁਰੈਲ (52) ਨਾਲ ਚੌਥੀ ਵਿਕਟ ਲਈ 121 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ।

ਪਹਿਲੇ ਸੈਸ਼ਨ ਵਿਚ ਮੀਂਹ ਦੇ ਕਾਰਨ ਗਵਾਏ ਗਏ ਓਵਰਾਂ ਦੀ ਭਰਪਾਈ ਲਈ ਖੇਡੇ ਗਏ ਲੰਬੇ ਦੂਜੇ ਸੈਸ਼ਨ ਵਿਚ ਭਾਰਤੀ ਬੱਲੇਬਾਜ਼ਾਂ ਨੇ ਪਿੱਚ ’ਤੇ ਚੰਗਾ ਪ੍ਰਦਰਸ਼ਨ ਕੀਤਾ। ਭਾਰਤ ਨੇ ਦੂਜੇ ਸੈਸ਼ਨ ਵਿਚ ਕਰੁਣ ਨਾਇਰ ਦੇ ਰੂਪ ਵਿਚ ਇਕਲੌਤੀ ਵਿਕਟ ਗਵਾਏ। ਨਾਇਰ 40 ਦੌੜਾਂ ’ਤੇ ਵੋਕਸ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਹੋਇਆ।

ਇੰਗਲੈਂਡ ਦਾ ਆਲਰਾਊਂਡਰ ਵੋਕਸ ਭਾਰਤ ਖਿਲਾਫ 5 ਟੈਸਟ ਮੈਚਾਂ ਦੀ ਲੜੀ ਦੇ ਸ਼ੁਰੂਆਤ ਮੈਚ ਲਈ ਟੈਸਟ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਆਪਣੀ ਫਿਟਨੈੱਸ ਸਾਬਤ ਕਰਨ ਦੇ ਨਾਲ ਮੈਚ ਅਭਿਆਸ ਲਈ ਇਸ ਮੁਕਾਬਲੇ ਿਵਚ ਖੇਡ ਰਿਹਾ ਹੈ। ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੀ ਲੈਅ ਵਿਚ ਆ ਗਿਆ ਹੈ। ਵੋਕਸ ਨੇ ਗੇਂਦ ਨੂੰ ਦੋਵਾਂ ਪਾਸੇ ਸਵਿੰਗ ਕਰਵਾ ਕੇ ਭਾਰਤੀ ਬੱਲੇਬਾਜ਼ਾਂ ਨੂੰ ਸਖਤ ਚੁਣੌਤੀ ਦਿੰਦੇ ਹੋਏ ਕਾਊਂਟੀ ਕ੍ਰਿਕਟ ਗਰਾਊਂਡ ’ਤੇ 3 ਵਿਕਟਾਂ ਲਈਆਂ।

ਲੰਚ ਤੱਕ ਭਾਰਤ ਦੀਆਂ 2 ਵਿਕਟਾਂ ’ਤੇ 75 ਦੌੜਾਂ ਸੀ। ਲੰਚ ਤੋਂ ਬਾਅਦ ਰਾਹੁਲ ਨੇ ਸੈਂਕੜਾ ਲਾਇਆ। ਤੀਜੇ ਸੈਸ਼ਨ ਦੀ ਸ਼ੁਰੂਆਤ ਵਿਚ ਰਾਹੁਲ ਨੇ ਸੈਂਕੜਾ ਲਾਇਆ। ਇਸ ਦੌਰਾਨ ਮੱਧਕ੍ਰਮ ਦੇ ਬੱਲੇਬਾਜ਼ ਧਰੁਵ ਜੁਰੈਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 87 ਗੇਂਦਾਂ ਦੀ ਪਾਰੀ ਵਿਚ 52 ਦੌੜਾਂ ਬਣਾਈਆਂ ਤੇ ਇਸ ਦੌਰਾਨ 7 ਚੌਕੇ ਲਾਏ। ਉਸ ਨੂੰ ਜੌਰਜ ਹਿਲ ਨੇ ਬੋਲਡ ਕੀਤਾ। ਖਬਰ ਲਿਖੇ ਜਾਣ ਤੱਕ ਭਾਰਤ ਨੇ 67 ਓਵਰਾਂ ਵਿਚ 5 ਵਿਕਟਾਂ ’ਤੇ 267 ਦੌੜਾਂ ਬਣਾ ਲਈਆਂ ਸਨ।


author

Hardeep Kumar

Content Editor

Related News