KKR vs PBKS: ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ
Monday, Apr 06, 2026 - 12:17 PM (IST)
ਕੋਲਕਾਤਾ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਸਟੇਡੀਅਮ ਵਿੱਚ ਮੁਕਾਬਲਾ ਹੋਵੇਗੀ। ਇਹ ਮੈਚ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਜਿੱਥੇ ਕੋਲਕਾਤਾ ਆਪਣੀ ਪਹਿਲੀ ਜਿੱਤ ਦੀ ਭਾਲ ਵਿੱਚ ਹੈ, ਉੱਥੇ ਹੀ ਪੰਜਾਬ ਦੀ ਟੀਮ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ।
KKR ਦੀ ਖ਼ਰਾਬ ਸ਼ੁਰੂਆਤ, ਪੰਜਾਬ ਪੂਰੇ ਆਤਮ-ਵਿਸ਼ਵਾਸ ਵਿੱਚ
ਅਜਿੰਕਯ ਰਹਾਣੇ ਦੀ ਕਪਤਾਨੀ ਵਾਲੀ ਕੋਲਕਾਤਾ ਦੀ ਟੀਮ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ ਆਪਣੇ ਦੋਵੇਂ ਮੈਚ ਹਾਰ ਚੁੱਕੀ ਹੈ। ਪਹਿਲੇ ਮੈਚ ਵਿੱਚ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਤੋਂ ਹਾਰ ਮਿਲੀ ਸੀ ਅਤੇ ਦੂਜੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਉਨ੍ਹਾਂ ਨੂੰ 65 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਦੂਜੇ ਪਾਸੇ, ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਕਿੰਗਜ਼ ਦੀ ਟੀਮ ਸ਼ਾਨਦਾਰ ਫਾਰਮ ਵਿੱਚ ਹੈ। ਪੰਜਾਬ ਨੇ ਆਪਣੇ ਪਹਿਲੇ ਦੋਵੇਂ ਮੈਚਾਂ ਵਿੱਚ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਹਨ।
ਹੈੱਡ-ਟੂ-ਹੈੱਡ ਰਿਕਾਰਡ
ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਕੁੱਲ 35 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਕੋਲਕਾਤਾ ਨੇ 21 ਅਤੇ ਪੰਜਾਬ ਨੇ 13 ਮੈਚ ਜਿੱਤੇ ਹਨ, ਜਦਕਿ ਇੱਕ ਮੈਚ ਬੇਨਤੀਜਾ ਰਿਹਾ ਹੈ। ਹਾਲਾਂਕਿ ਇਤਿਹਾਸਕ ਤੌਰ 'ਤੇ KKR ਦਾ ਪਲੜਾ ਭਾਰੀ ਰਿਹਾ ਹੈ, ਪਰ ਮੌਜੂਦਾ ਫਾਰਮ ਪੰਜਾਬ ਦੇ ਹੱਕ ਵਿੱਚ ਨਜ਼ਰ ਆ ਰਹੀ ਹੈ।
ਪਿੱਚ ਅਤੇ ਮੌਸਮ ਦੀ ਰਿਪੋਰਟ
ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ਾਂ ਲਈ ਕਾਫ਼ੀ ਅਨੁਕੂਲ ਮੰਨੀ ਜਾਂਦੀ ਹੈ। ਪਿਛਲੇ ਮੈਚ ਵਿੱਚ ਇਸ ਮੈਦਾਨ 'ਤੇ 226 ਦੌੜਾਂ ਦਾ ਵੱਡਾ ਸਕੋਰ ਬਣਿਆ ਸੀ, ਜਿਸ ਤੋਂ ਸਾਫ਼ ਹੈ ਕਿ ਅੱਜ ਫਿਰ ਇੱਕ ਹਾਈ-ਸਕੋਰਿੰਗ ਮੈਚ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਕੋਲਕਾਤਾ ਵਿੱਚ ਮੈਚ ਦੀ ਸ਼ੁਰੂਆਤ ਦੌਰਾਨ ਹਲਕੀ ਬਾਰਿਸ਼ ਅਤੇ ਹਨੇਰੀ ਦੀ ਸੰਭਾਵਨਾ ਹੈ, ਪਰ ਉਮੀਦ ਹੈ ਕਿ ਮੀਂਹ ਜ਼ਿਆਦਾ ਦੇਰ ਨਹੀਂ ਚੱਲੇਗਾ ਅਤੇ ਪੂਰਾ ਮੈਚ ਖੇਡਿਆ ਜਾਵੇਗਾ।
ਸੰਭਾਵਿਤ ਪਲੇਇੰਗ 11
ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਯ ਰਹਾਣੇ (ਕਪਤਾਨ), ਫਿਨ ਐਲਨ, ਅੰਗਕ੍ਰਿਸ਼ ਰਘੁਵੰਸ਼ੀ (ਵਿਕਟਕੀਪਰ), ਕੈਮਰੂਨ ਗ੍ਰੀਨ, ਰਿੰਕੂ ਸਿੰਘ, ਰਮਨਦੀਪ ਸਿੰਘ, ਅਨੁਕੂਲ ਰਾਏ, ਸੁਨੀਲ ਨਰੇਨ, ਵਰੁਣ ਚੱਕਰਵਰਤੀ, ਕਾਰਤਿਕ ਤਿਆਗੀ, ਵੈਭਵ ਅਰੋੜਾ। (ਇਮਪੈਕਟ ਪਲੇਅਰ: ਬਲੇਸਿੰਗ ਮੁਜ਼ਰਬਾਨੀ)।
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਆਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸ਼ਸ਼ਾਂਕ ਸਿੰਘ, ਨੇਹਲ ਵਢੇਰਾ, ਮਾਰਕਸ ਸਟੋਇਨਿਸ, ਮਾਰਕੋ ਯਾਨਸਨ, ਜ਼ੇਵੀਅਰ ਬਾਰਟਲੇਟ, ਵਿਜੇਕੁਮਾਰ ਵੈਸ਼ਾਕ, ਅਰਸ਼ਦੀਪ ਸਿੰਘ। (ਇਮਪੈਕਟ ਪਲੇਅਰ: ਯੁਜਵੇਂਦਰ ਚਾਹਲ)।
