KKR ਨੂੰ ਪੂਰੇ ਸੈਸ਼ਨ ’ਚ ਇਕੋ ਜਿਹੀ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹੈ : ਇਯੋਨ ਮੋਰਗਨ
Wednesday, Apr 23, 2025 - 02:52 PM (IST)

ਕੋਲਕਾਤਾ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਸਾਬਕਾ ਕਪਤਾਨ ਇਯੋਨ ਮੋਰਗਨ ਦਾ ਮੰਨਣਾ ਹੈ ਕਿ ਮੌਜੂਦਾ ਚੈਂਪੀਅਨ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਵਿਚ ਬੱਲੇਬਾਜ਼ੀ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ ਤੇ ਗੁਜਰਾਤ ਟਾਈਟਨਜ਼ ਵਿਰੁੱਧ ਘਰੇਲੂ ਮੈਚ ਲਈ ਕੀਤੇ ਗਏ ਬਦਲਾਅ ਪ੍ਰਭਾਵਸ਼ਾਲੀ ਨਹੀਂ ਸਨ।
ਕੇ. ਕੇ. ਆਰ. ਦੀ ਸੋਮਵਾਰ ਨੂੰ ਇੱਥੇ ਗੁਜਰਾਤ ਹੱਥੋਂ 39 ਦੌੜਾਂ ਦੀ ਹਾਰ ਟੂਰਨਾਮੈਂਟ ਵਿਚ ਉਸਦੀ ਲਗਾਤਾਰ ਦੂਜੀ, ਪਿਛਲੇ 5 ਮੈਚਾਂ ਵਿਚ ਤੀਜੀ ਤੇ 8 ਮੈਚਾਂ ਵਿਚ ਕੁੱਲ 5ਵੀਂ ਹਾਰ ਸੀ। 3 ਵਾਰ ਦੇ ਚੈਂਪੀਅਨ ਕੇ. ਕੇ. ਆਰ. ਨੂੰ ਆਪਣੇ ਘਰੇਲੂ ਮੈਦਾਨ ’ਤੇ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਉਸ ਨੇ ਈਡਨ ਗਾਰਡਨ ਵਿਚ 4 ਵਿਚੋਂ 3 ਮੈਚ ਗਵਾਏ ਹਨ।
ਮੋਰਗਨ ਨੇ ਕਿਹਾ,‘‘ਕੋਲਕਾਤਾ ਨੇ ਓਨੀ ਚੰਗੀ ਤਰ੍ਹਾਂ ਨਾਲ ਵਾਪਸੀ ਨਹੀਂ ਕੀਤੀ, ਜਿੰਨੀ ਅਸੀਂ ਚਾਹੁੰਦੇ ਸੀ। ਉਸਦੇ ਕੋਲ ਕਈ ਚੰਗੇ ਖਿਡਾਰੀ ਹਨ ਜਿਹੜੇ ਇਕ ਮਜ਼ਬੂਤ ਟੀਮ ਲਈ ਬਹੁਤ ਚੰਗਾ ਸੰਕੇਤ ਹੁੰਦਾ ਹੈ ਪਰ ਉਸ ਨੂੰ ਪੂਰੇ ਟੂਰਨਾਮੈਂਟ ਵਿਚ ਇਕੋ ਜਿਹੀ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’