ਖੋ-ਖੋ ਵਿਸ਼ਵ ਕੱਪ 13 ਜਨਵਰੀ ਤੋਂ
Saturday, Nov 16, 2024 - 11:39 AM (IST)
ਨਵੀਂ ਦਿੱਲੀ– ਖੋ-ਖੋ ਵਿਸ਼ਵ ਕੱਪ 13 ਜਨਵਰੀ ਤੋਂ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤ ਦੀ ਪ੍ਰਾਚੀਨ ਖੇਡ ‘ਖੋ-ਖੋ ਦੇ ਪਹਿਲੇ ਵਿਸ਼ਵ ਕੱਪ ਦੇ ਆਯੋਜਨ ਨਾਲ ਭਾਰਤੀ ਮਿੱਟੀ ਨਾਲ ਜੁੜੀ ਇਸ ਖੇਡ ਨੂੰ ਵਿਸ਼ਵ ਪੱਧਰ ’ਤੇ ਪਛਾਣ ਬਣਾਉਣ ਮਦਦ ਮਿਲੇਗੀ। ਇਸ ਖੇਡ ਦੇ ਆਧੁਨਿਕ ਰੂਪ ਦੀ ਸ਼ੁਰੂਆਤ ਮਹਾਰਾਸ਼ਟਰ ਵਿਚ ਹੋਈ ਸੀ, ਜਿਹੜੀ ਅੱਜ ਦੁਨੀਆ ਦੇ ਸਾਰੇ ਮਹਾਦੀਪਾਂ ਤੱਕ ਪਹੁੰਚ ਗਈ ਹੈ। ਸਾਲ 2010 ਵਿਚ ਇਸ ਖੇਡ ਨੂੰ ਪਹਿਲੀ ਵਾਰ ਇੰਡੋਰ ਮੈਟ ’ਤੇ ਖੇਡਣਾ ਸ਼ੁਰੂ ਕੀਤਾ ਗਿਆ ਸੀ। ਖੋ-ਖੋ ਫੈੱਡਰੇਸ਼ਨ ਆਫ ਇੰਡੀਆ ਦਾ ਟੀਚਾ 2032 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਇਸ ਖੇਡ ਨੂੰ ਸ਼ਾਮਲ ਕਰਵਾਉਣਾ ਹੈ।
ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਆਯੋਜਿਤ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਤੇ ਯੁਗਾਂਡਾ ਵਰਗੇ ਦੇਸ਼ ਹਿੱਸਾ ਲੈਣਗੇ ਜਦਕਿ ਏਸ਼ੀਆ ਤੋਂ ਭਾਰਤ, ਬੰਗਲਾਦੇਸ਼, ਭੂਟਾਨ, ਇੰਡੋਨੇਸ਼ੀਆ, ਈਰਾਨ, ਮਲੇਸ਼ੀਆ, ਨੇਪਾਲ, ਪਾਕਿਸਤਾਨ, ਦੱਖਣੀ ਕੋਰੀਆ ਤੇ ਸ਼੍ਰੀਲੰਕਾ ਨਜ਼ਰ ਆਉਣਗੇ। ਯੂਰਪ ਤੋਂ ਇੰਗਲੈਂਡ, ਜਰਮਨੀ, ਨੀਦਰਲੈਂਡ ਤੇ ਪੋਲੈਂਡ ਜਦਕਿ ਉੱਤਰੀ ਅਮਰੀਕਾ ਤੋਂ ਕੈਨੇਡਾ ਤੇ ਅਮਰੀਕਾ, ਦੱਖਣੀ ਅਫਰੀਕਾ ਤੋਂ ਬ੍ਰਾਜ਼ੀਲ ਤੇ ਪੇਰੂ, ਓਸ਼ੀਆਨਾ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਖੇਡਣਗੇ। ਟੂਰਨਾਮੈਂਟ ਮਹਿਲਾ ਤੇ ਪੁਰਸ਼ ਵਰਗ ਵਿਚ ਹੋਵੇਗਾ ਤੇ ਦੋਵਾਂ ਵਿਚ 16-16 ਟੀਮਾਂ ਹਿੱਸਾ ਲੈਣਗੀਆਂ।