ਮੈਸੀ ਦੇ ਦੌਰੇ ਨੂੰ ਲੈ ਕੇ ਵਿਵਾਦ : ਕੇਰਲ ਦੇ ਖੇਡ ਵਿਭਾਗ ਨੇ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ
Wednesday, Aug 12, 2026 - 12:47 PM (IST)
ਤਿਰੂਵਨੰਤਪੁਰਮ– ਕੇਰਲ ਦੇ ਖੇਡ ਵਿਭਾਗ ਨੇ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਧਾਕੜ ਫੁੱਟਬਾਲਰ ਲਿਓਨਿਲ ਮੈਸੀ ਤੇ ਅਰਜਨਟੀਨਾ ਟੀਮ ਦੇ ਪ੍ਰਸਤਾਵਿਤ ਦੌਰੇ ਨਾਲ ਜੁੜੇ ਵਿਵਾਦ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਰਾਜ ਦੇ ਖੇਡ ਮੰਤਰੀ ਓ. ਜੇ. ਜਨੀਸ਼ ਨੇ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਦੱਸਿਆ ਕਿ ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਨੇ ਵਿਭਾਗ ਕੋਲ ਮੌਜੂਦ ਫਾਈਲਾਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ਨੂੰ ਅੱਗੇ ਦੀ ਕਾਰਵਾਈ ਲਈ ਸਰਕਾਰ ਨੂੰ ਸੌਂਪ ਦਿੱਤਾ ਹੈ।
ਜਨੀਸ਼ ਨੇ ਕਿਹਾ ਕਿ ਰਿਪੋਰਟ ਗੁਪਤ ਹੈ ਤੇ ਇਸ ਲਈ ਉਹ ਇਸ ’ਤੇ ਵਿਸਥਾਰ ਨਾਲ ਗੱਲ ਨਹੀਂ ਕਰ ਸਕਦਾ। ਸਰਕਾਰ ਤਮਾਮ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਉਚਿਤ ਫੈਸਲਾ ਲਵੇਗੀ। ਇਹ ਵਿਵਾਦ ਸਾਬਕਾ ਖੇਡ ਮੰਤਰੀ ਵੀ. ਅਬਦੁਰਹੀਮਾਨ ਦੇ ਕਾਰਜਕਾਲ ਨਾਲ ਜੁੜਿਆ ਹੈ, ਜਿਸ ਨੇ ਐਲਾਨ ਕੀਤਾ ਸੀ ਕਿ ਮੈਸੀ ਤੇ ਅਰਜਨਟੀਨਾ ਦੀ ਟੀਮ ਕੇਰਲ ਦਾ ਦੌਰਾ ਕਰੇਗੀ। ਅਬਦੁਰਹੀਮਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪ੍ਰਸਤਾਵਿਤ ਦੌਰੇ ਦੇ ਸਬੰਧ ’ਚ ਸਪੇਨ ਦੀ ਯਾਤਰਾ ਕੀਤੀ ਸੀ ਤੇ ਅਰਜਨਟੀਨਾ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਇਕ ਸਪਾਂਸਰ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਨੇ ਮੈਸੀ ਨੂੰ ਲਿਆਉਣ ਲਈ ਲੱਗਭਗ 126 ਕਰੋੜ ਰੁਪਏ ਖਰਚ ਕੀਤੇ ਸਨ ਪਰ ਮੈਸੀ ਤੇ ਅਰਜਨਟੀਨਾ ਦੀ ਟੀਮ ਕੇਰਲ ਦੇ ਦੌਰੇ ’ਤੇ ਨਹੀਂ ਆਈ।
