''ਕਦੇ ਪੰਜਾਬ ''ਚ ਨਹੀਂ ਖੇਡਾਂਗਾ..! ਭੁੱਬਾਂ ਮਾਰ-ਮਾਰ ਰੋਇਆ ਧਾਕੜ ਕਬੱਡੀ ਖਿਡਾਰੀ, ਵੀਡੀਓ ਵਾਇਰਲ
Sunday, Sep 27, 2026 - 05:12 PM (IST)
ਸਪੋਰਟਸ ਡੈਸਕ : ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਜੱਗੂ (ਜੱਗੂ ਹਾਕਮਵਾਲਾ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅੱਧੀ ਰਾਤ ਨੂੰ ਇੱਕ ਲਾਈਵ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਫੁੱਟ-ਫੁੱਟ ਕੇ ਰੋਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ 4:50 ਮਿੰਟ ਦੀ ਇਸ ਵੀਡੀਓ ਨੂੰ ਦੋ ਹਿੱਸਿਆਂ ਵਿੱਚ ਸਾਂਝਾ ਕਰਦਿਆਂ ਦੁਖੀ ਮਨ ਨਾਲ ਐਲਾਨ ਕੀਤਾ ਹੈ ਕਿ ਉਹ ਹੁਣ ਪੰਜਾਬ ਦੀ ਧਰਤੀ 'ਤੇ ਦੁਬਾਰਾ ਕਦੇ ਵੀ ਕਬੱਡੀ ਮੈਚ ਜਾਂ ਟੂਰਨਾਮੈਂਟ ਨਹੀਂ ਖੇਡਣਗੇ।
ਜਾਣਕਾਰੀ ਅਨੁਸਾਰ ਬਾਗੀਆਣੇ ਵਿੱਚ ਆਯੋਜਿਤ ਕੀਤੇ ਗਏ ਇੱਕ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਦੌਰਾਨ ਜ਼ਬਰਦਸਤ ਹੰਗਾਮਾ ਹੋ ਗਿਆ ਸੀ। ਮੈਚ ਦੌਰਾਨ ਵਿਵਾਦ ਇੰਨਾ ਵਧ ਗਿਆ ਕਿ ਮੈਚ ਦਾ ਸੰਚਾਲਨ ਕਰ ਰਹੇ ਰੈਫਰੀਆਂ ਨੇ ਖਿਡਾਰੀ ਜੱਗੂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਮਾਮਲਾ ਉਸ ਵੇਲੇ ਹੋਰ ਵਿਗੜ ਗਿਆ ਜਦੋਂ ਟੂਰਨਾਮੈਂਟ ਦੇ ਕੁਮੈਂਟੇਟਰ ਨੇ ਭਰੇ ਸਟੇਡੀਅਮ ਦੇ ਸਾਹਮਣੇ ਮਾਈਕ 'ਤੇ ਜਨਤਕ ਐਲਾਨ ਕਰ ਦਿੱਤਾ ਕਿ ਰੈਫਰੀ ਸਿਰਫ਼ ਇੱਕ ਖਿਡਾਰੀ ਜੱਗੂ ਦੇ ਕਾਰਨ ਆਪਣੀ ਡਿਊਟੀ ਨਹੀਂ ਨਿਭਾ ਰਹੇ ਹਨ। ਇਸ ਜਨਤਕ ਅਪਮਾਨ ਅਤੇ ਰੈਫਰੀਆਂ ਵੱਲੋਂ ਕੀਤੇ ਗਏ ਬਾਈਕਾਟ ਕਾਰਨ ਜੱਗੂ ਬਹੁਤ ਜ਼ਿਆਦਾ ਮਾਨਸਿਕ ਦੁੱਖ ਵਿੱਚ ਸਨ।
ਇੰਸਟਾਗ੍ਰਾਮ ਲਾਈਵ ਦੌਰਾਨ ਆਪਣੇ ਪ੍ਰਸ਼ੰਸਕਾਂ ਅਤੇ ਖੇਡ ਪ੍ਰੇਮੀਆਂ ਨਾਲ ਦਰਦ ਸਾਂਝਾ ਕਰਦਿਆਂ ਜੱਗੂ ਨੇ ਕਿਹਾ ਕਿ ਟੂਰਨਾਮੈਂਟ ਦੌਰਾਨ ਜੋ ਵੀ ਹੰਗਾਮਾ ਹੋਇਆ ਅਤੇ ਮੈਚ ਖਰਾਬ ਹੋਇਆ, ਉਹ ਬਹੁਤ ਗਲਤ ਹੋਇਆ। ਉਨ੍ਹਾਂ ਕਿਹਾ ਕਿ ਰੈਫਰੀ ਰੱਬ ਵਰਗੇ ਹੁੰਦੇ ਹਨ ਅਤੇ ਉਨ੍ਹਾਂ ਦਾ ਫੈਸਲਾ ਰੱਬ ਦਾ ਹੀ ਫੈਸਲਾ ਹੈ। ਜੱਗੂ ਨੇ ਭਰੇ ਮਨ ਨਾਲ ਕਿਹਾ ਕਿ ਉਹ ਅੱਜ ਤੋਂ ਬਾਅਦ ਪੰਜਾਬ ਵਿੱਚ ਕੋਈ ਟੂਰਨਾਮੈਂਟ ਜਾਂ ਕਬੱਡੀ ਮੈਚ ਨਹੀਂ ਖੇਡਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਚ ਖਰਾਬ ਹੋਣ ਲਈ ਸਾਰਿਆਂ ਤੋਂ ਮਾਫ਼ੀ ਮੰਗੀ ਅਤੇ ਸਭ ਦਾ ਧੰਨਵਾਦ ਕੀਤਾ। ਇਸ ਜਨਤਕ ਐਲਾਨ ਅਤੇ ਲਾਈਵ ਵੀਡੀਓ ਤੋਂ ਬਾਅਦ ਕਬੱਡੀ ਪ੍ਰੇਮੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਰੈਫਰੀ ਬਾਈਕਾਟ ਅਤੇ ਵਿਵਾਦ ਤੋਂ ਬਾਅਦ ਖਿਡਾਰੀ ਵੱਲੋਂ ਲਏ ਗਏ ਇਸ ਫੈਸਲੇ ਨੇ ਪੰਜਾਬ ਦੇ ਖੇਡ ਜਗਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।
