ਪੂਰਣ ਨਾਲ ਬੱਲੇਬਾਜ਼ੀ ਕਰਨ ’ਚ ਆਉਂਦੈ ਮਜ਼ਾ : ਮਾਰਸ਼
Saturday, Mar 29, 2025 - 01:34 PM (IST)

ਹੈਦਰਾਬਾਦ– ਆਸਟ੍ਰੇਲੀਆ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਨੇ ਕਿਹਾ ਕਿ ਉਸ ਨੂੰ ਲਖਨਊ ਸੁਪਰ ਜਾਇੰਟਸ ਦੇ ਆਪਣੇ ਸਾਥੀ ਖਿਡਾਰੀ ਨਿਕੋਲਸ ਪੂਰਣ ਦੇ ਨਾਲ ਬੱਲੇਬਾਜ਼ੀ ਕਰਨ ਵਿਚ ਮਜ਼ਾ ਆਉਂਦਾ ਹੈ ਤੇ ਉਸ ਨੂੰ ਖੁਸ਼ੀ ਹੈ ਕਿ ਵੈਸਟਇੰਡੀਜ਼ ਦਾ ਇਹ ਹਮਲਾਵਰ ਬੱਲੇਬਾਜ਼ ਹੋਰ ਲੀਗਾਂ ਦੀ ਤਰ੍ਹਾਂ ਵਿਰੋਧੀ ਟੀਮ ਵਿਚ ਨਹੀਂ ਹੈ।
ਪੂਰਨ ਲਖਨਊ ਦੀ ਸੁਪਰ ਜਾਇੰਟਸ ਹੈਦਰਾਬਾਦ ਵਿਰੁੱਧ ਆਸਾਨ ਜਿੱਤ ਦਾ ਹੀਰੋ ਰਿਹਾ। ਉਸ ਨੇ ਸਿਰਫ 26 ਗੇਂਦਾਂ ’ਤੇ 70 ਦੌੜਾਂ ਬਣਾਈਆਂ। ਮਾਰਸ਼ ਨੇ 31 ਗੇਂਦਾਂ ’ਚ 52 ਦੌੜਾਂ ਬਣਾ ਕੇ ਉਸਦਾ ਚੰਗਾ ਸਾਥ ਦਿੱਤਾ ਹੈ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਦਿੱਲੀ ਕੈਪੀਟਲਸ ਵਿਰੁੱਧ ਪਹਿਲੇ ਮੈਚ ਵਿਚ ਵੀ ਅਰਧ ਸੈਂਕੜਾ ਲਾਇਆ ਸੀ।
ਮਾਰਸ਼ ਨੇ ਕਿਹਾ, ‘‘ਪੂਰਣ ਦੀ ਬੱਲੇਬਾਜ਼ੀ ਲਈ ਮੇਰੇ ਕੋਲ ਇਕ ਹੀ ਸ਼ਬਦ ਹੈ,ਆਕਰਸ਼ਕ। ਮੈਂ ਲੰਬੇ ਸਮੇਂ ਤੋਂ ਉਸਦੇ ਵਿਰੁੱਧ ਖੇਡਦਾ ਰਿਹਾ ਹਾਂ ਤੇ ਉਸ ਦੀ ਇਸ ਤਰ੍ਹਾਂ ਦੀ ਬੱਲੇਬਾਜ਼ੀ ਦਾ ਮੈਨੂੰ ਹਮੇਸ਼ਾ ਖਾਮਿਆਜ਼ਾ ਭੁਗਤਣਾ ਪਿਆ ਹੈ।’’
ਉਸ ਨੇ ਕਿਹਾ,‘‘ਹੁਣ ਅਸੀਂ ਜਦਕਿ ਇਕ ਹੀ ਟੀਮ ਵਿਚ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਵਿਚਾਲੇ ਬਹੁਤ ਚੰਗਾ ਤਾਲਮੇਲ ਹੈ ਤੇ ਉਮੀਦ ਹੈ ਕਿ ਮੈਂ ਉਸਦੇ ਨਾਲ ਅੱਗੇ ਵੀ ਕਾਫੀ ਬੱਲੇਬਾਜ਼ੀ ਕਰਾਂਗਾ।’’
ਪੂਰਣ ਜਦੋਂ ਲੈਅ ਵਿਚ ਹੁੰਦਾ ਹੈ ਤਾਂ ਮਾਰਸ਼ ਉਸਦੇ ਨਾਲ ਜ਼ਿਆਦਾ ਗੱਲਬਾਤ ਕਰ ਕੇ ਉਸਦਾ ਧਿਆਨ ਭੰਗ ਨਹੀਂ ਕਰਨਾ ਚਾਹੁੰਦਾ ਹੈ।
ਉਸ ਨੇ ਕਿਹਾ, ‘‘ਈਮਾਨਦਾਰੀ ਨਾਲ ਕਹਾਂ ਤਾਂ ਸਾਡੇ ਵਿਚਾਲੇ ਜ਼ਿਆਦਾ ਗੱਲ ਨਹੀਂ ਹੁੰਦੀ ਹੈ। ਜਦੋਂ ਕੋਈ ਬੱਲੇਬਾਜ਼ ਇਸ ਤਰ੍ਹਾਂ ਦੀ ਲੈਅ ਵਿਚ ਹੋਵੇ ਤਾਂ ਤੁਸੀਂ ਸਿਰਫ ਸਾਂਝੇਦਾਰੀ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਦੇ ਹੋ।’’