''ਮੈਨ ਆਫ ਦਿ ਮੈਚ'' ਰਹਿਣ ਦੇ ਬਾਵਜੂਦ ਮੈਨੂੰ ਟੀਮ ''ਚੋਂ ਕੱਢਿਆ ਬਾਹਰ, ਪਠਾਨ ਨੇ ਧੋਨੀ ''ਤੇ ਵਿੰਨ੍ਹਿਆ ਨਿਸ਼ਾਨਾ

06/01/2020 12:56:48 PM

ਨਵੀਂ ਦਿੱਲੀ : ਭਾਰਤੀ ਹਰਫਨਮੌਲਾ ਕ੍ਰਿਕਟਰ ਅਰਫਾਨ ਪਠਾਨ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ 29 ਟੈਸਟ ਮੈਚ, 120 ਵਨ ਡੇ ਅਤੇ 24 ਟੀ-20 ਮੈਚਾਂ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਉਸ ਨੇ ਟੈਸਟ ਮੈਚਾਂ ਵਿਚ 100 ਵਿਕਟਾਂ, ਵਨ ਡੇ ਵਿਚ 1544 ਦੌੜਾਂ ਬਣਾਉਣ ਤੋਂ ਇਲਾਵਾ 173 ਵਿਕਟਾਂ ਤੇ ਟੀ-20 ਵਿਚ 28 ਵਿਕਟਾਂ ਲਈਆਂ ਹਨ। ਪਠਾਨ ਨੂੰ ਇਕ ਸਮੇਂ ਭਾਰਤ ਦਾ ਅਗਲਾ ਕਪਿਲ ਦੇਵ ਕਿਹਾ ਜਾ ਰਿਹਾ ਸੀ। ਫਿਰ ਅਚਾਨਕ ਉਹ ਟੀਮ 'ਚੋਂ ਬਾਹਰ ਹੋ ਗਏ ਤੇ ਫਿਰ ਦੋਬਾਰਾ ਭਾਰਤ ਲਈ ਲਗਾਤਾਰ ਨਾ ਖੇਡ ਸਕੇ। ਪਠਾਨ ਨੂੰ ਇਸ ਗੱਲ ਦਾ ਅੱਜ ਵੀ ਦੁੱਖ ਹੈ ਕਿ ਆਖਰੀ ਵਨ ਡੇ ਤੇ ਟੀ-20 ਵਿਚ ਉਹ 'ਮੈਨ ਆਫ ਦਿ ਮੈਚ' ਰਿਹਾ ਇਸ ਦੇ ਬਾਵਜੂਦ ਉਸ ਨੂੰ ਟੀਮ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਬਾਰੇ ਉਸ ਨੇ ਉਸ ਸਮੇਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਲਏ ਬਗੈਰ ਉਸ 'ਤੇ ਨਿਸ਼ਾਨਾ ਵਿੰਨ੍ਹਿਆ। 

ਇਰਫਾਨ ਪਠਾਨ ਨੇ ਇਕ ਮੁਲਾਕਾਤ 'ਚ ਕਿਹਾ, ''2008 ਵਿਚ ਆਸਟਰੇਲੀਆ ਦੌਰੇ ਤੋਂ ਬਾਅਦ ਗੈਰੀ ਕਰਸਟਨ ਕੋਚ ਬਣ ਕੇ ਆਏ। ਉਸ ਦੇ ਆਉਣ ਬਾਅਦ ਚੀਜ਼ਾਂ ਬਦਲਣ ਲੱਗੀਆਂ। ਮੈ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਹਾਂ। ਹਰ ਕੋਚ ਅਤੇ ਕਪਤਾਨ ਦੀ ਆਪਣੀ ਸੋਚ ਹੁੰਦੀ ਹੈ। ਇਕ ਮਾਹੌਲ ਬਣਾਇਆ ਗਿਆ ਕਿ ਮੇਰੀ ਸਵਿੰਗ ਖ਼ਤਮ ਹੋ ਗਈ। ਰਫ਼ਤਾਰ ਅਤੇ ਸਵਿੰਗ ਨੂੰ ਲੈ ਕੇ ਗੱਲ ਕਰਦੇ ਸਨ। ਮੈਂ ਜਦੋਂ ਵੀ ਮੈਚ ਖੇਡਦਾ ਤਾਂ ਨਵੀਂ ਗੇਂਦ ਨਾਲ ਸ਼ੁਰੂਆਤ ਕਰਦਾ ਸੀ। ਜੇਕਰ ਕੋਈ ਓਪਨਰ ਹੈ ਤਾਂ ਉਸ ਨੂੰ ਤੁਸੀਂ ਨੰਬਰ-7 'ਤੇ ਬੱਲੇਬਾਜ਼ੀ ਕਰਾਉਂਦੇ ਹੋ ਤਾਂ ਉਸ ਦੇ ਪ੍ਰਦਰਸ਼ਨ ਵਿਚ ਬਦਲਾਅ ਆਵੇਗਾ। ਕਪਤਾਨ ਦਾ ਰੋਲ ਹੈ ਕਿ ਉਸ ਨੂੰ ਬੈਕ ਕਰੇ ਅਤੇ ਮਦਦ ਕਰੇ। ਜੇਕਰ ਤੁਸੀਂ ਰੋਲ ਬਦਲਿਆ ਤਾਂ ਬੈਕ ਕਰਨਾ ਚਾਹੀਦੈ।

ਪਠਾਨ ਨੇ ਕਿਹਾ ਕਿ ਮੈਂ ਜਦੋਂ ਡ੍ਰਾਪ ਹੋਇਆ ਤਦ ਆਖਰੀ ਵਨ ਡੇ ਵਿਚ 'ਮੈਨ ਆਫ ਦਿ ਮੈਚ' ਸੀ। ਇਸ ਤੋਂ ਇਲਾਵਾ ਆਖਰੀ ਟੀ-20 ਵਿਚ ਵੀ ਮੈਨ ਆਫ ਦਿ ਮੈਚ ਰਿਹਾ ਸੀ। ਰਿਧੀਮਾਨ ਸਾਹਾ ਇਕ ਸਾਲ ਬਾਅਦ ਟੀਮ ਵਿਚ ਵਾਪਸ ਆਇਆ ਸੀ। ਰਿਸ਼ਭ ਪੰਤ 2 ਸੈਂਕੜੇ ਲਗਾਉਣ ਤੋਂ ਬਾਅਦ ਬਾਹਰ ਸੀ ਫਿਰ ਅੰਦਰ ਆਇਆ। ਕਈ ਵਾਰ ਲੜਕਿਆਂ ਨੂੰ ਬੈਕ ਕੀਤਾ ਜਾਂਦਾ ਹੈ ਤਾਂ ਕਈ ਵਾਰ ਨਹੀਂ। ਕੁਝ ਖਿਡਾਰੀ ਕਿਸਮਤ ਵਾਲੇ ਹੁੰਦੇ ਹਨ ਤਾਂ ਕੁਝ ਬਦਕਿਸਮਤ। ਮੈਂ ਬਦਕਿਸਮਤੀ ਵਾਲੀ ਸੂਚੀ ਵਿਚ ਸੀ। ਜੇਕਰ ਇਰਫਾਨ ਪਠਾਨ ਦੀ ਸਵਿੰਗ ਖਤਮ ਹੋ ਗਈ ਹੈ ਤਾਂ ਟੀਮ ਵਿਚ ਇਸ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਸੀ।

ਸਾਬਕਾ ਭਾਰਤੀ ਹਰਫਨਮੌਲਾ ਨੇ ਕਿਹਾ ਕਿ ਇਕ ਵਾਰ ਸ਼੍ਰੀਲੰਕਾ ਖ਼ਿਲਾਫ਼ ਮੈਂ ਅਤੇ ਯੂਸਫ ਪਠਾਨ ਨੇ ਮਿਲ ਕੇ ਮੈਚ ਜਿਤਾਇਆ ਸੀ। ਮੈਂ ਜੈਸੂਰਯਾ ਨੂੰ ਆਊਟ ਕੀਤਾ ਸੀ। ਫਿਰ ਬੱਲੇਬਾਜ਼ੀ ਕਰਦਿਆਂ ਮੈਚ ਜਿਤਾਇਆ ਸੀ। ਜੇਕਰ ਕੋਈ ਦੂਜਾ ਲੜਕਾ ਹੁੰਦਾ ਤਾਂ ਇਸ ਪ੍ਰਦਰਸ਼ਨ ਤੋਂ ਬਾਅਦ ਇਕ ਸਾਲ ਲਈ ਬਾਹਰ ਨਾ ਹੁੰਦਾ। ਇਸ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਸੀਰੀਜ਼ ਵਿਚ 5 ਵਨ ਡੇ ਭਾਰਤ ਨੇ ਖੇਡੇ ਪਰ ਮੈਨੂੰ ਇਕ ਵੀ ਮੈਚ ਵਿਚ ਮੌਕਾ ਨਹੀਂ ਦਿੱਤਾ ਗਿਆ। ਫਿਰ ਮੈਂ ਕੋਚ ਗੈਰੀ ਕਰਸਟਨ ਤੋਂ ਪੁੱਛਿਆ ਸੀ ਕਿ ਮੈਂ ਬਿਹਤਰੀ ਦੇ ਲਈ ਕੀ ਕਰਾਂ। ਇਸ 'ਤੇ ਉਸ ਨੇ ਕਿਹਾ ਸੀ ਕਿ ਉਸ ਦੇ ਹੱਥ ਵਿਚ ਕੁਝ ਚੀਜ਼ਾਂ ਨਹੀਂ ਹਨ। 

Ranjit

This news is Content Editor Ranjit