ਵੱਡੀ ਖ਼ਬਰ ; ਮੁਲਤਵੀ ਹੋ ਗਿਆ IPL
Friday, May 09, 2025 - 01:04 PM (IST)

ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਵਿਚਾਲੇ ਵਧੇ ਹੋਏ ਤਣਾਅ ਦਰਮਿਆਨ ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਧਰਮਸ਼ਾਲਾ 'ਚ ਹੋਣ ਵਾਲੇ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਦੇ ਮੈਚ ਨੂੰ ਅੱਧ ਵਿਚਾਲੇ ਰੱਦ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸੁਰੱਖਿਆ ਕਾਰਨਾਂ ਕਾਰਨ ਇਸ ਸਬੰਧੀ ਬੀ.ਸੀ.ਸੀ.ਆਈ. ਨੇ ਇਕ ਬੈਠਕ ਬੁਲਾ ਕੇ ਇਸ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ 'ਚ ਜੰਗ ਲੱਗੀ ਹੋਣ ਦੇ ਬਾਵਜੂਦ ਕ੍ਰਿਕਟ ਮੁਕਾਬਲੇ ਚੱਲਦੇ ਰਹਿਣ, ਇਹ ਚੰਗਾ ਨਹੀਂ ਲੱਗਦਾ। ਇਸ ਕਾਰਨ ਟੂਰਨਾਮੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ ਦਾ ਆਗਾਜ਼ 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਇਲ ਚੈਲੰਜਰਜ਼ ਬੰਗਲੁਰੂ ਦੇ ਮੁਕਾਬਲੇ ਨਾਲ ਹੋਇਆ ਸੀ ਤੇ ਕੁੱਲ 74 'ਚੋਂ 58 ਮੈਚ ਹੋ ਚੁੱਕੇ ਸਨ, ਜਦਕਿ 25 ਮਈ ਨੂੰ ਇਸ ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ ਸੀ।
ਹੁਣ ਮੁਅੱਤਲ ਹੋਣ ਤੋਂ ਬਾਅਦ ਟੂਰਨਾਮੈਂਟ ਦੇ ਬਾਕੀ ਬਚੇ ਮੁਕਾਬਲੇ ਕਦੋਂ ਤੇ ਕਿੱਥੇ ਕਰਵਾਏ ਜਾਣਗੇ, ਇਸ ਬਾਰੇ ਫਿਲਹਾਲ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਸੁਧਰਨ ਤੋਂ ਬਾਅਦ ਹੀ ਟੂਰਨਾਮੈਂਟ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਰਾਵਲਪਿੰਡੀ ਸਟੇਡੀਅਮ ਦੇ ਤਬਾਹ ਹੋ ਜਾਣ ਮਗਰੋਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਪੀ.ਐੱਸ.ਐੱਲ. ਦੇ ਬਾਕੀ ਮੁਕਾਬਲਿਆਂ ਨੂੰ ਦੁਬਈ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e