ਡੇਢ ਕਰੋੜ ਦਾ ਇਕ ਸਕੋਰ ! IPL ਦੇ ਸਭ ਤੋਂ ਮਹਿੰਗੇ ਖਿਡਾਰੀ ਦਾ ਪ੍ਰਦਰਸ਼ਨ ਵੀ ਹੈ ਬੇਹੱਦ ''ਮਹਿੰਗਾ''
Saturday, Apr 05, 2025 - 02:45 PM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਆਕਸ਼ਨ 'ਚ ਇਤਿਹਾਸ ਰਚਣ ਵਾਲੇ ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਰੁਪਏ ਦੀ ਰਿਕਾਰਡ ਕੀਮਤ 'ਤੇ ਖਰੀਦ ਕੇ ਟੀਮ 'ਚ ਸ਼ਾਮਲ ਕੀਤਾ ਸੀ, ਪਰ ਇਸ ਸੀਜ਼ਨ ਪੰਤ ਆਪਣੇ ਬੱਲੇ ਦਾ ਜਾਦੂ ਨਹੀਂ ਦਿਖਾ ਸਕੇ ਹਨ। ਹੁਣ ਤੱਕ ਫਲਾਪ ਹੀ ਰਹੇ ਹਨ ਤੇ 4 ਮੈਚਾਂ 'ਚ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 19 ਦੌੜਾਂ ਹੀ ਆਈਆਂ ਹਨ।
ਉਨ੍ਹਾਂ ਦਾ ਹਾਲੀਆ ਪ੍ਰਦਰਸ਼ਨ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਕਹਿ ਰਹੇ ਹਨ ਕਿ ਆਕਸ਼ਨ ਦੀ ਰਾਸ਼ੀ ਪੰਤ ਦੇ ਦਿਮਾਗ਼ 'ਚ ਘਰ ਕਰ ਗਈ ਹੈ ਕਿ ਉਹ 27 ਕਰੋੜ ਦੇ ਬਰਾਬਰ ਪ੍ਰਦਰਸ਼ਨ ਕਰਨ ਦੇ ਦਬਾਅ ਨਾਲ ਖੇਡ ਰਹੇ ਹਨ ਤੇ ਇਸੇ ਦਬਾਅ ਕਾਰਨ ਉਹ ਚੰਗਾ ਪ੍ਰਦਰਸ਼ਨ ਕਰਨ 'ਚ ਸਫ਼ਲ ਨਹੀਂ ਹੋ ਰਹੇ।
ਹੁਣ ਤੱਕ ਖੇਡੇ ਗਏ 4 ਮੁਕਾਬਲਿਆਂ 'ਚ ਲਖਨਊ ਦੇ ਕਪਤਾਨ ਪੰਤ ਨੇ 19 ਦੌੜਾਂ ਬਣਾਈਆਂ ਹਨ, ਜਿਨ੍ਹਾਂ 'ਚੋਂ 3 ਪਾਰੀਆਂ 'ਚ ਤਾਂ ਉਹ 0, 2 ਤੇ 2 ਦੌੜਾਂ ਹੀ ਬਣਾ ਸਕੇ ਹਨ। ਸਿਰਫ਼ ਹੈਦਰਾਬਾਦ ਖ਼ਿਲਾਫ਼ ਹੋਏ ਮੈਚ 'ਚ ਹੀ ਉਨ੍ਹਾਂ ਨੇ ਸਭ ਤੋਂ ਵੱਧ 15 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਇਹ ਫਾਰਮ ਟੀਮ ਤੇ ਮੈਨੇਜਮੈਂਟ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਪਰ ਜੇਕਰ ਹੁਣ ਤੱਕ ਦੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਤੁਲਨਾ ਆਕਸ਼ਨ 'ਚ ਮਿਲੀ ਰਾਸ਼ੀ ਨਾਲ ਕੀਤੀ ਜਾਵੇ ਤਾਂ ਉਹ 27 ਕਰੋੜ ਰੁਪਏ ਹਾਸਲ ਕਰ ਕੇ ਸਿਰਫ਼ 19 ਦੌੜਾਂ ਬਣਾ ਸਕੇ ਹਨ, ਜਿਸ ਅਨੁਸਾਰ ਉਨ੍ਹਾਂ ਦਾ ਇਕ ਸਕੋਰ ਵੀ ਕਰੀਬ ਡੇਢ ਕਰੋੜ ਦਾ ਬਣਦਾ ਹੈ। ਇਸ ਸੀਜ਼ਨ 'ਚ ਹੁਣ ਤੱਕ ਉਨ੍ਹਾਂ ਦੀ ਇਕ ਦੌੜ 1,42,10,526 ਰੁਪਏ ਦੀ ਬਣਦੀ ਹੈ, ਜੋ ਕਿ ਕਾਫ਼ੀ ਜ਼ਿਆਦਾ ਮਹਿੰਗੀ ਹੈ।
ਹੁਣ ਉਨ੍ਹਾਂ ਦੀਆਂ ਨਜ਼ਰਾਂ ਆਉਣ ਵਾਲੇ ਮੈਚਾਂ 'ਤੇ ਹੋਣਗੀਆਂ, ਜਿਨ੍ਹਾਂ 'ਚ ਉਹ ਚੰਗਾ ਪ੍ਰਦਰਸ਼ਨ ਕਰ ਕੇ ਟੀਮ ਦੀ ਜਿੱਤ 'ਚ ਯੋਗਦਾਨ ਪਾਉਣਾ ਚਾਹੁਣਗੇ ਤੇ ਟੀਮ ਮੈਨੇਜਮੈਂਟ ਵੱਲੋਂ ਉਨ੍ਹਾਂ 'ਤੇ ਆਕਸ਼ਨ 'ਚ ਖਰਚੀ ਗਈ ਮੋਟੀ ਰਕਮ ਦੀ ਵਸੂਲੀ ਕਰਵਾ ਸਕਣ।
ਇਹ ਵੀ ਪੜ੍ਹੋ- ਕੀ ਬਣੂੰ ਦੁਨੀਆ ਦਾ....! ਮਾਸੀ ਨੇ ਪੈਸਿਆਂ ਖ਼ਾਤਰ ਆਪਣੀ ਹੀ ਭਾਣਜੀ ਦਾ ਕਰ ਲਿਆ 'ਸੌਦਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e