IPL Qualifier-2 : ਫਾਈਨਲ ਦੀ ਟਿਕਟ ਕਟਾਉਣ ਲਈ ਅੱਜ ਭਿੜਨਗੇ ਪੰਜਾਬ ਤੇ ਮੁੰਬਈ
Sunday, Jun 01, 2025 - 11:19 AM (IST)

ਅਹਿਮਦਾਬਾਦ– ਆਪਣੇ ਪਹਿਲੇ ਖਿਤਾਬ ਦੀ ਕਵਾਇਦ ਵਿਚ ਲੱਗੀ ਪੰਜਾਬ ਕਿੰਗਜ਼ ਦੀ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੂਜੇ ਕੁਆਲੀਫਾਇਰ ਵਿਚ ਐਤਵਾਰ ਨੂੰ ਇੱਥੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਨੂੰ ਪਹਿਲੇ ਕੁਆਲੀਫਾਇਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਨਿਸ਼ਚਿਤ ਤੌਰ ’ਤੇ ਉਸਦਾ ਆਤਮਵਿਸ਼ਵਾਸ ਡਿੱਗ ਗਿਆ ਹੋਵੇਗਾ।
ਇਹ ਵੀ ਪੜ੍ਹੋ : ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦੀ ਹੋਈ ਮੰਗਣੀ, ਭਰਾ ਨੇ ਤਸਵੀਰਾਂ ਸ਼ੇਅਰ ਕਰਕੇ ਦਿੱਤੀਆਂ ਵਧਾਈਆਂ
ਪੰਜਾਬ ਕਿੰਗਜ਼ ਨੂੰ ਜੇਕਰ ਪਹਿਲੀ ਵਾਰ ਚੈਂਪੀਅਨ ਬਣਨਾ ਹੈ ਤਾਂ ਉਸ ਨੂੰ ਇਸ ਮੈਚ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ। ਦੋਵਾਂ ਟੀਮਾਂ ਲਈ ਇਹ ਮੈਚ ਸੈਮੀਫਾਈਨਲ ਵਰਗਾ ਹੈ। ਮੁੰਬਈ ਨੇ ਐਲਿਮੀਨੇਟਰ ਵਿਚ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਗੁਜਰਾਤ ਟਾਈਟਨਜ਼ ਨੂੰ ਹਰਾ ਕੇ 6ਵੇਂ ਖਿਤਾਬ ਵੱਲ ਇਕ ਹੋਰ ਕਦਮ ਵਧਾਇਆ। ਇਸ ਜਿੱਤ ਨਾਲ ਮੁੰਬਈ ਦਾ ਨਿਸ਼ਚਿਤ ਤੌਰ ’ਤੇ ਆਤਮਵਿਸ਼ਵਾਸ ਵਧਿਆ ਹੋਵੇਗਾ। ਆਰ. ਸੀ. ਬੀ. ਤੇ ਪੰਜਾਬ ਕਿੰਗਜ਼ ਦੀ ਤੁਲਨਾ ਵਿਚ ਮੁੰਬਈ ਇੰਡੀਅਨਜ਼ ਦੀ ਟੀਮ ਨਾਕਆਊਟ ਪੜਾਅ ਵਿਚ ਜਿੱਤ ਦਰਜ ਕਰਨ ਦਾ ਜ਼ਿਆਦਾ ਤਜਰਬਾ ਰੱਖਦੀ ਹੈ। ਉਸਦੇ ਮੁੱਖ ਕੋਚ ਮਹੇਲਾ ਜੈਵਰਧਨੇ ਦੇ ਸਾਹਮਣੇ ਚੁਣੌਤੀ ਆਪਣੀ ਟੀਮ ਨੂੰ ਸੰਗਠਿਤ ਰੱਖਣ ਦੀ ਹੋਵੇਗੀ। ਸ਼੍ਰੀਲੰਕਾ ਦੇ ਸਾਬਕਾ ਕਪਤਾਨ ਨੇ ਹਾਲਾਂਕਿ ਅਜੇ ਤੱਕ ਇਹ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਹੈ। ਪਿਛਲੇ ਸੈਸ਼ਨ ਵਿਚ ਸਭ ਤੋਂ ਹੇਠਲੇ ਸਥਾਨ ’ਤੇ ਰਹੀ ਮੁੰਬਈ ਨੂੰ ਪਲੇਅ ਆਫ ਵਿਚ ਪਹੁੰਚਾਉਣ ਵਿਚ ਉਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪੰਜਾਬ ਕਿੰਗਜ਼ ਵਿਚ ਕਪਤਾਨ ਸ਼੍ਰੇਅਸ ਅਈਅਰ ਤੇ ਮੁੱਖ ਕੋਚ ਰਿਕੀ ਪੋਂਟਿੰਗ ਦੀ ਜੋੜੀ ਲਈ ਚੁਣੌਤੀ ਇਹ ਤੈਅ ਕਰਨਾ ਹੋਵੇਗਾ ਕਿ ਉਸਦੇ ਖਿਡਾਰੀ ਪਿਛਲੇ ਮੈਚ ਵਿਚ ਮਿਲੀ ਕਰਾਰੀ ਹਾਰ ਨੂੰ ਭੁੱਲ ਜਾਣ ਤੇ ਆਪਣੀ ਊਰਜਾ ਨੂੰ ਉਨ੍ਹਾਂ ਚੁਣੌਤੀਆਂ ਨਾਲ ਲੜਨ ਵਿਚ ਲਗਾਉਣ ਜਿਹੜੀਆਂ ਵਿਸ਼ੇਸ਼ ਤੌਰ ’ਤੇ ਗੇਂਦਬਾਜ਼ੀ ਵਿਭਾਗ ਵਿਚ ਕੁਝ ਖਿਡਾਰੀਆਂ ਦੇ ਬਾਹਰ ਹੋ ਜਾਣ ਨਾਲ ਸਾਹਮਣੇ ਆਈਆਂ ਹਨ। ਇਸ ਨਾਲ ਉਸਦੇ ਮੁੱਖ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ’ਤੇ ਵਾਧੂ ਦਬਾਅ ਬਣ ਰਿਹਾ ਹੈ। ਮਾਰਕੋ ਜਾਨਸੇਨ ਦੀ ਗੈਰ-ਹਾਜ਼ਰੀ ਤੇ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਯੁਜਵੇਂਦਰ ਚਾਹਲ ਦੀ ਅਣਉਪਲੱਬਧਤਾ ਟੀਮ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ ਕਿਉਂਕਿ ਉਸ ਨੇ ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ’ਤੇ ਜਿਹੜੇ ਬਦਲ ਅਜਮਾਏ ਹਨ, ਉਹ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਦੀ ਭਰਪਾਈ ਕਰਨ ਲਈ ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਆਰ. ਸੀ. ਬੀ. ਵਿਰੁੱਧ ਪਿਛਲੇ ਮੈਚ ਵਿਚ ਉਸਦੇ ਬੱਲੇਬਾਜ਼ ਨਹੀਂ ਚੱਲ ਪਾਏ ਸਨ ਤੇ ਟੀਮ ਮੈਨੇਜਮੈਂਟ ਹੁਣ ਚੰਗੀ ਤਰ੍ਹਾਂ ਨਾਲ ਜਾਣਦੀ ਹੈ ਕਿ ਕਿਸੇ ਵੀ ਵਿਭਾਗ ਵਿਚ ਗਲਤੀ ਕਰਨ ਦਾ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : ਮੀਂਹ ਕਾਰਨ ਰੱਦ ਹੋਇਆ ਪੰਜਾਬ ਬਨਾਮ ਮੁੰਬਈ ਕੁਆਲੀਫਾਇਰ 2 ਤਾਂ ਕੌਣ ਪਹੁੰਚੇਗਾ ਫਾਈਨਲ 'ਚ? ਜਾਣੋ ਨਿਯਮ
ਜਿੱਥੋਂ ਤੱਕ ਮੁੰਬਈ ਇੰਡੀਅਨਜ਼ ਦਾ ਸਵਾਲ ਹੈ ਤਾਂ ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸ਼ੁਰੂ ਵਿਚ ਮਿਲੇ ਦੋ ਜੀਵਨਦਾਨਾਂ ਦਾ ਫਾਇਦਾ ਚੁੱਕ ਕੇ ਗੁਜਰਾਤ ਟਾਈਟਨਜ਼ ਵਿਰੁੱਧ ਵੱਡੀ ਪਾਰੀ ਖੇਡੀ। ਰੋਹਿਤ ਫਿਰ ਤੋਂ ਲੈਅ ਵਿਚ ਪਰਤ ਆਇਆ ਹੈ ਤੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਲਈ ਉਸ ’ਤੇ ਰੋਕ ਲਾਉਣਾ ਸੌਖਾਲਾ ਨਹੀਂ ਹੋਵੇਗਾ। ਜੇਕਰ ਪੂਰੀ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਮੁੰਬਈ ਦੀ ਟੀਮ ਵਿਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਉਸ ਨੇ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਫਾਈਨਲ ਵਿਚ ਪੁਹੰਚਣ ਲਈ ਉਸਦੀ ਟੀਮ ਕਾਫੀ ਹੱਦ ਤੱਕ ਰੋਹਿਤ, ਜਸਪ੍ਰੀਤ ਬੁਮਰਾਹ, ਸੂਰਯਕੁਮਾਰ ਯਾਦਵ, ਤਿਲਕ ਵਰਮਾ ਤੇ ਕਪਤਾਨ ਹਾਰਦਿਕ ਪੰਡਯਾ ’ਤੇ ਨਿਰਭਰ ਰਹੇਗੀ। ਨਰਿੰਦਰ ਮੋਦੀ ਸਟੇਡੀਅਮ ਵਿਚ ਹੋਣ ਵਾਲੇ ਇਸ ਮੈਚ ਦਾ ਨਤੀਜਾ ਕਾਫੀ ਹੱਦ ਤੱਕ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ ਕਿਉਂਕਿ ਇੱਥੋਂ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ, ਜਿਸ ’ਤੇ ਕਾਫੀ ਵੱਡੇ ਸਕੋਰ ਬਣੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8