ਮੀਂਹ ਕਾਰਨ ਰੱਦ ਹੋ ਗਿਆ IPl ਦਾ ਫਾਈਨਲ ਤਾਂ RCB ਜਾਂ GT ''ਚੋਂ ਕੌਣ ਬਣੇਗਾ ਚੈਂਪੀਅਨ? ਜਾਣੋ ਨਿਯਮ

Saturday, May 30, 2026 - 07:35 PM (IST)

ਮੀਂਹ ਕਾਰਨ ਰੱਦ ਹੋ ਗਿਆ IPl ਦਾ ਫਾਈਨਲ ਤਾਂ RCB ਜਾਂ GT ''ਚੋਂ ਕੌਣ ਬਣੇਗਾ ਚੈਂਪੀਅਨ? ਜਾਣੋ ਨਿਯਮ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦਾ ਖ਼ਿਤਾਬੀ ਮੁਕਾਬਲਾ ਐਤਵਾਰ, 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣਾ ਹੈ। ਪਰ ਇਸ ਮਹਾਂ-ਮੁਕਾਬਲੇ ਤੋਂ ਪਹਿਲਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਕ੍ਰਿਕਟ ਪ੍ਰੇਮੀਆਂ ਅਤੇ ਦੋਵਾਂ ਟੀਮਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਫਾਈਨਲ 'ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ।

ਮੌਸਮ ਵਿਭਾਗ ਦਾ ਅਲਰਟ

ਭਾਰਤੀ ਮੌਸਮ ਵਿਭਾਗ ਅਨੁਸਾਰ 31 ਮਈ ਨੂੰ ਅਹਿਮਦਾਬਾਦ ਵਿੱਚ ਗਰਜ, ਤੇਜ਼ ਹਵਾਵਾਂ ਅਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਵਿਗਿਆਨੀਆਂ ਅਨੁਸਾਰ ਹਵਾ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਬਿਜਲੀ ਲਿਸ਼ਕਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੀਂਹ ਕਾਰਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।

ਮੀਂਹ ਪੈਣ ਦੀ ਸੂਰਤ 'ਚ ਕੀ ਹਨ ਨਿਯਮ?

ਆਈ.ਪੀ.ਐੱਲ. ਦੇ ਪਲੇਆਫ ਨਿਯਮਾਂ ਅਨੁਸਾਰ, ਮੈਚ ਪੂਰਾ ਕਰਵਾਉਣ ਲਈ ਕਈ ਵਿਕਲਪ ਰੱਖੇ ਗਏ ਹਨ:
   
ਓਵਰਾਂ ਦੀ ਕਟੌਤੀ: ਜੇਕਰ ਮੀਂਹ ਪੈਂਦਾ ਹੈ, ਤਾਂ ਪਹਿਲਾਂ ਓਵਰਾਂ ਵਿੱਚ ਕਟੌਤੀ ਕਰਕੇ ਮੈਚ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਲਈ ਦੋਵਾਂ ਟੀਮਾਂ ਦਾ ਘੱਟੋ-ਘੱਟ 5-5 ਓਵਰ ਖੇਡਣਾ ਜ਼ਰੂਰੀ ਹੈ।
   
DLS ਅਤੇ ਸੁਪਰ ਓਵਰ: ਜੇਕਰ ਮੈਚ ਸ਼ੁਰੂ ਹੋਣ ਤੋਂ ਬਾਅਦ ਮੀਂਹ ਪੈਂਦਾ ਹੈ, ਤਾਂ ਨਤੀਜੇ ਲਈ ਡਕਵਰਥ-ਲੂਈਸ (DLS) ਨਿਯਮ ਵਰਤਿਆ ਜਾਵੇਗਾ। ਜੇਕਰ ਸਮਾਂ ਬਹੁਤ ਘੱਟ ਬਚਦਾ ਹੈ, ਤਾਂ ਸੁਪਰ ਓਵਰ ਰਾਹੀਂ ਵੀ ਜੇਤੂ ਦਾ ਫੈਸਲਾ ਹੋ ਸਕਦਾ ਹੈ।
   
ਰਿਜ਼ਰਵ ਡੇ: ਫਾਈਨਲ ਮੈਚ ਲਈ ਵਾਧੂ ਸਮਾਂ ਅਤੇ ਰਿਜ਼ਰਵ ਡੇਅ ਦੀ ਵਿਵਸਥਾ ਵੀ ਹੁੰਦੀ ਹੈ।

ਕੌਣ ਚੁੱਕੇਗਾ ਟਰਾਫੀ?

ਸਭ ਤੋਂ ਅਹਿਮ ਨਿਯਮ (ਧਾਰਾ 16.11.2) ਅਨੁਸਾਰ, ਜੇਕਰ ਖ਼ਰਾਬ ਮੌਸਮ ਕਾਰਨ ਫਾਈਨਲ ਵਾਲੇ ਦਿਨ ਅਤੇ ਰਿਜ਼ਰਵ ਡੇਅ 'ਤੇ ਵੀ ਮੈਚ ਜਾਂ ਸੁਪਰ ਓਵਰ ਕਰਵਾਉਣਾ ਸੰਭਵ ਨਹੀਂ ਹੁੰਦਾ, ਤਾਂ ਲੀਗ ਪੜਾਅ ਦੀ ਅੰਕ ਸੂਚੀ ਵਿੱਚ ਉੱਚੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ। 

ਮੌਜੂਦਾ ਸੀਜ਼ਨ ਦੇ ਅੰਕੜਿਆਂ ਮੁਤਾਬਕ, ਗੁਜਰਾਤ ਟਾਈਟਨਸ ਦੇ ਮੁਕਾਬਲੇ RCB ਦੀ ਰੈਂਕਿੰਗ ਬਿਹਤਰ ਰਹੀ ਹੈ। ਇਸਦਾ ਮਤਲਬ ਹੈ ਕਿ ਜੇਕਰ ਮੀਂਹ ਕਾਰਨ ਮੈਚ ਪੂਰੀ ਤਰ੍ਹਾਂ ਧੁਲ ਜਾਂਦਾ ਹੈ, ਤਾਂ ਰੋਇਲ ਚੈਲੰਜਰਜ਼ ਬੈਂਗਲੁਰੂ ਸਿੱਧੇ ਤੌਰ 'ਤੇ ਆਈ.ਪੀ.ਐੱਲ. 2026 ਦੀ ਚੈਂਪੀਅਨ ਬਣ ਜਾਵੇਗੀ।


author

Rakesh

Content Editor

Related News