IPL 2026: ਚੱਕਰਵਰਤੀ ਦੀ ਫਾਰਮ ਨੂੰ ਲੈ ਕੇ KKR ਚਿੰਤਤ ਨਹੀਂ; ਕਪਤਾਨ ਰਹਾਣੇ ਨੇ ਜਤਾਇਆ ਭਰੋਸਾ
Saturday, Mar 21, 2026 - 06:29 PM (IST)
ਕੋਲਕਾਤਾ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਆਪਣੇ ਸਟਾਰ ਸਪਿਨਰ ਵਰੁਣ ਚੱਕਰਵਰਤੀ ਦੀ ਫਾਰਮ ਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ। ਟੀਮ ਪ੍ਰਬੰਧਨ ਅਤੇ ਕਪਤਾਨ ਅਜਿੰਕਿਆ ਰਹਾਣੇ ਅਨੁਸਾਰ, ਉਹ ਵਰੁਣ ਦੇ ਪ੍ਰਦਰਸ਼ਨ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਗਾਮੀ ਸੀਜ਼ਨ ਵਿੱਚ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੇ।
ਵਿਸ਼ਵ ਕੱਪ ਵਿੱਚ ਉਤਾਰ-ਚੜ੍ਹਾਅ ਵਾਲਾ ਪ੍ਰਦਰਸ਼ਨ
ਟੀ-20 ਵਿਸ਼ਵ ਕੱਪ ਦੌਰਾਨ ਵਰੁਣ ਚੱਕਰਵਰਤੀ ਦਾ ਪ੍ਰਦਰਸ਼ਨ ਮਿਸ਼ਰਤ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ 14 ਵਿਕਟਾਂ ਲੈ ਕੇ ਟੀਮ ਲਈ ਸਾਂਝੇ ਤੌਰ 'ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵਜੋਂ ਟੂਰਨਾਮੈਂਟ ਖ਼ਤਮ ਕੀਤਾ, ਪਰ ਦੂਜੇ ਪੜਾਅ ਵਿੱਚ ਉਨ੍ਹਾਂ ਦੀ ਲੈਅ ਵਿਗੜ ਗਈ ਸੀ। ਵਰੁਣ ਨੇ ਪਹਿਲੇ ਚਾਰ ਮੈਚਾਂ ਵਿੱਚ 9 ਵਿਕਟਾਂ ਲਈਆਂ ਸਨ, ਜਦੋਂ ਕਿ ਸੁਪਰ-8 ਅਤੇ ਨਾਕਆਊਟ ਪੜਾਅ ਵਿੱਚ ਉਹ ਸਿਰਫ਼ 5 ਵਿਕਟਾਂ ਹੀ ਹਾਸਲ ਕਰ ਸਕੇ ਸਨ।
ਬ੍ਰੇਕ ਦੀ ਸੀ ਸਖ਼ਤ ਲੋੜ
ਅਭਿਸ਼ੇਕ ਨਾਇਰ ਕੇਕੇਆਰ ਦੇ ਕੋਚ ਅਭਿਸ਼ੇਕ ਨਾਇਰ ਨੇ ਪ੍ਰੀ-ਸੀਜ਼ਨ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਤੁਹਾਡਾ ਟੀ-20 ਕਰੀਅਰ ਲੰਬਾ ਹੁੰਦਾ ਹੈ, ਤਾਂ ਅਜਿਹੇ ਉਤਾਰ-ਚੜ੍ਹਾਅ ਆਉਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਵਰੁਣ ਨੇ ਪਿਛਲੇ ਸਾਲ ਕਾਫ਼ੀ ਕ੍ਰਿਕਟ ਖੇਡੀ ਹੈ ਅਤੇ ਕਈ ਵਾਰ ਹਾਲਾਤ ਗੇਂਦਬਾਜ਼ੀ ਸ਼ੈਲੀ ਦੇ ਅਨੁਕੂਲ ਨਹੀਂ ਹੁੰਦੇ। ਵਰੁਣ ਅਕਸਰ ਪਾਵਰਪਲੇਅ ਜਾਂ ਅਜਿਹੇ ਸਮੇਂ ਗੇਂਦਬਾਜ਼ੀ ਕਰਦੇ ਹਨ ਜਦੋਂ ਬੱਲੇਬਾਜ਼ ਸੈੱਟ ਹੋ ਚੁੱਕੇ ਹੁੰਦੇ ਹਨ। ਨਾਇਰ ਅਨੁਸਾਰ, ਵਿਸ਼ਵ ਕੱਪ ਤੋਂ ਬਾਅਦ ਮਿਲਿਆ 10 ਦਿਨਾਂ ਦਾ ਬ੍ਰੇਕ ਵਰੁਣ ਨੂੰ ਮੁੜ ਲੈਅ ਵਿੱਚ ਆਉਣ ਵਿੱਚ ਮਦਦ ਕਰੇਗਾ।
