IPL 2026: ਹੈਦਰਾਬਾਦ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
Sunday, May 03, 2026 - 11:29 AM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਸਨਰਾਈਜ਼ਰਜ਼ ਦੀ ਟੀਮ ਇਸ ਸੀਜ਼ਨ ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਪੰਜ ਜਿੱਤਾਂ ਦਰਜ ਕਰਕੇ ਆਪਣੇ ਅਭਿਆਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਲਈ ਇਹ ਸੀਜ਼ਨ ਹੁਣ ਤੱਕ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ ਅਤੇ ਟੀਮ ਅੰਕ ਸੂਚੀ ਵਿੱਚ ਪਿੱਛੇ ਚੱਲ ਰਹੀ ਹੈ। ਹੈਦਰਾਬਾਦ ਦੀ ਟੀਮ ਆਪਣੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਪੂਰੇ ਆਤਮਵਿਸ਼ਵਾਸ ਨਾਲ ਉਤਰੇਗੀ।
ਹੈੱਡ-ਟੂ-ਹੈੱਡ ਰਿਕਾਰਡ
ਅੰਕੜਿਆਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 31 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਕੋਲਕਾਤਾ ਨੇ 20 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਹੈਦਰਾਬਾਦ ਸਿਰਫ਼ 11 ਮੈਚ ਹੀ ਜਿੱਤ ਸਕਿਆ ਹੈ। ਭਾਵੇਂ ਰਿਕਾਰਡ ਵਿੱਚ ਕੋਲਕਾਤਾ ਦਾ ਪੱਲੜਾ ਭਾਰੀ ਹੈ, ਪਰ ਮੌਜੂਦਾ ਫਾਰਮ ਸਨਰਾਈਜ਼ਰਜ਼ ਹੈਦਰਾਬਾਦ ਦੇ ਪੱਖ ਵਿੱਚ ਹੈ।
ਪਿੱਚ ਅਤੇ ਮੌਸਮ ਦੀ ਰਿਪੋਰਟ
ਹੈਦਰਾਬਾਦ ਦੀ ਪਿੱਚ ਬੱਲੇਬਾਜ਼ਾਂ ਲਈ ਕਾਫੀ ਅਨੁਕੂਲ ਮੰਨੀ ਜਾਂਦੀ ਹੈ ਅਤੇ ਛੋਟੀਆਂ ਬਾਊਂਡਰੀਆਂ (63-66 ਮੀਟਰ) ਹੋਣ ਕਾਰਨ ਅੱਜ ਦੇ ਮੈਚ ਵਿੱਚ ਵੀ ਵੱਡੇ ਸਕੋਰ ਬਣਨ ਦੀ ਪੂਰੀ ਸੰਭਾਵਨਾ ਹੈ। ਦੁਪਹਿਰ ਦਾ ਮੈਚ ਹੋਣ ਕਾਰਨ ਮੈਦਾਨ 'ਤੇ ਤ੍ਰੇਲ (Dew) ਦਾ ਕੋਈ ਅਸਰ ਨਹੀਂ ਹੋਵੇਗਾ। ਮੌਸਮ ਵਿਭਾਗ ਅਨੁਸਾਰ ਤਾਪਮਾਨ 35°C ਤੋਂ 42°C ਦੇ ਵਿਚਕਾਰ ਰਹੇਗਾ, ਜਿਸ ਕਾਰਨ ਖਿਡਾਰੀਆਂ ਲਈ ਗਰਮੀ ਅਤੇ ਖੁਸ਼ਕ ਮੌਸਮ ਇੱਕ ਵੱਡੀ ਚੁਣੌਤੀ ਹੋ ਸਕਦਾ ਹੈ।
ਟੀਮਾਂ ਦੇ ਮੁੱਖ ਖਿਡਾਰੀ
ਸਨਰਾਈਜ਼ਰਜ਼ ਹੈਦਰਾਬਾਦ : ਟੀਮ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਹੈ ਜਿਸ ਵਿੱਚ ਅਭਿਸ਼ੇਕ ਸ਼ਰਮਾ (425 ਦੌੜਾਂ), ਹੇਨਰਿਕ ਕਲਾਸਨ (414 ਦੌੜਾਂ) ਅਤੇ ਈਸ਼ਾਨ ਕਿਸ਼ਨ (312 ਦੌੜਾਂ) ਲਗਾਤਾਰ ਦੌੜਾਂ ਬਣਾ ਰਹੇ ਹਨ। ਗੇਂਦਬਾਜ਼ੀ ਵਿੱਚ ਈਸ਼ਾਨ ਮਲਿੰਗਾ 9 ਮੈਚਾਂ ਵਿੱਚ 15 ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾ ਰਹੇ ਹਨ।
ਕੋਲਕਾਤਾ ਨਾਈਟ ਰਾਈਡਰਜ਼ : ਕੋਲਕਾਤਾ ਲਈ ਕਪਤਾਨ ਅਜਿੰਕਯ ਰਹਾਣੇ ਦੀ ਅਗਵਾਈ ਵਿੱਚ ਵਾਪਸੀ ਕਰਨਾ ਇੱਕ ਵੱਡੀ ਚੁਣੌਤੀ ਹੈ। ਹਾਲ ਹੀ ਦੇ ਮੈਚਾਂ ਵਿੱਚ ਰਿੰਕੂ ਸਿੰਘ ਅਤੇ ਵਰੁਣ ਚੱਕਰਵਰਤੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਟੀਮ ਨੂੰ ਜਿੱਤ ਦੀ ਲੜੀ ਵਿੱਚ ਪਰਤਣ ਦੀ ਲੋੜ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11:
SRH : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ (ਵਿਕਟਕੀਪਰ), ਹੇਨਰਿਕ ਕਲਾਸਨ, ਨਿਤੀਸ਼ ਰੈੱਡੀ, ਸਲਿਲ ਅਰੋੜਾ, ਅਨਿਕੇਤ ਵਰਮਾ, ਪੈਟ ਕਮਿੰਸ (ਕਪਤਾਨ), ਹਰਸ਼ ਦੁਬੇ, ਸਾਕਿਬ ਹੁਸੈਨ, ਪ੍ਰਫੁੱਲ ਹਿੰਗੇ। (ਇੰਪੈਕਟ ਪਲੇਅਰ: ਈਸ਼ਾਨ ਮਲਿੰਗਾ)।
KKR : ਅਜਿੰਕਯ ਰਹਾਣੇ (ਕਪਤਾਨ), ਟਿਮ ਸੀਫਰਟ (ਵਿਕਟਕੀਪਰ), ਕੈਮਰੂਨ ਗ੍ਰੀਨ, ਅੰਗਕ੍ਰਿਸ਼ ਰਘੂਵੰਸ਼ੀ, ਰੋਵਮੈਨ ਪਾਵੇਲ, ਰਿੰਕੂ ਸਿੰਘ, ਸੁਨੀਲ ਨਰਾਇਣ, ਰਮਨਦੀਪ ਸਿੰਘ, ਅਨੁਕੂਲ ਰਾਏ, ਵੈਭਵ ਅਰੋੜਾ, ਕਾਰਤਿਕ ਤਿਆਗੀ। (ਇੰਪੈਕਟ ਪਲੇਅਰ: ਵਰੁਣ ਚੱਕਰਵਰਤੀ)।
