IPL 2026: ''ਮੈਂ ਚਾਰ ਓਵਰ ਸੁੱਟਣ ਲਈ ਪੂਰੀ ਤਰ੍ਹਾਂ ਤਿਆਰ'', KKR ਸਟਾਰ ਆਲਰਾਊਂਡਰ ਦਾ ਵੱਡਾ ਬਿਆਨ
Saturday, May 09, 2026 - 03:29 PM (IST)
ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ (KKR) ਨੇ IPL 2026 ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਵਿੱਚ ਫਿਨ ਐਲਨ ਦੇ ਨਾਬਾਦ ਸੈਂਕੜੇ ਅਤੇ ਆਸਟ੍ਰੇਲੀਆਈ ਆਲਰਾਊਂਡਰ ਕੈਮਰੂਨ ਗ੍ਰੀਨ ਦੇ ਆਲਰਾਊਂਡ ਪ੍ਰਦਰਸ਼ਨ ਨੇ ਅਹਿਮ ਭੂਮਿਕਾ ਨਿਭਾਈ।
'ਚਾਰ ਓਵਰ ਸੁੱਟਣ ਲਈ ਪੂਰੀ ਤਰ੍ਹਾਂ ਫਿੱਟ ਹਾਂ'
ਮੈਚ ਤੋਂ ਬਾਅਦ ਕੈਮਰੂਨ ਗ੍ਰੀਨ ਨੇ ਆਪਣੀ ਗੇਂਦਬਾਜ਼ੀ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਮੈਂ 100 ਫੀਸਦੀ ਚਾਰ ਓਵਰ ਸੁੱਟਣ ਲਈ ਤਿਆਰ ਹਾਂ"। ਉਨ੍ਹਾਂ ਅਨੁਸਾਰ ਟੀਮ ਕੋਲ ਗੇਂਦਬਾਜ਼ੀ ਦੇ ਕਈ ਵਿਕਲਪ ਮੌਜੂਦ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲਦੀ ਹੈ। ਗ੍ਰੀਨ ਨੇ ਟੀਮ ਦੇ ਖੱਬੇ ਹੱਥ ਦੇ ਆਲਰਾਊਂਡਰ ਅਨੁਕੂਲ ਰਾਏ ਦੀ ਵੀ ਸ਼ਲਾਘਾ ਕੀਤੀ, ਜੋ ਮੱਧ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਹਮਲੇ ਨੂੰ ਸੰਤੁਲਨ ਪ੍ਰਦਾਨ ਕਰ ਰਹੇ ਹ।
ਸੱਟ ਕਾਰਨ ਸ਼ੁਰੂਆਤੀ ਮੈਚਾਂ 'ਚ ਨਹੀਂ ਕੀਤੀ ਸੀ ਗੇਂਦਬਾਜ਼ੀ
ਜ਼ਿਕਰਯੋਗ ਹੈ ਕਿ ਪਿੱਠ ਦੀ ਸੱਟ ਕਾਰਨ ਗ੍ਰੀਨ ਨੇ IPL 2026 ਦੇ ਸ਼ੁਰੂਆਤੀ ਦੋ ਮੈਚਾਂ ਵਿੱਚ ਗੇਂਦਬਾਜ਼ੀ ਨਹੀਂ ਕੀਤੀ ਸੀ ਅਤੇ ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਸਿਰਫ਼ ਇੱਕ ਬੱਲੇਬਾਜ਼ ਵਜੋਂ ਖੇਡਾਇਆ ਸੀ। ਹੁਣ ਉਹ ਪੂਰੀ ਤਰ੍ਹਾਂ ਫਿੱਟ ਨਜ਼ਰ ਆ ਰਹੇ ਹਨ ਅਤੇ ਦਿੱਲੀ ਵਿਰੁੱਧ ਮੈਚ ਵਿੱਚ ਉਨ੍ਹਾਂ ਨੇ ਨਿਤੀਸ਼ ਰਾਣਾ ਨੂੰ ਆਊਟ ਕਰਕੇ ਟੀਮ ਨੂੰ ਮਹੱਤਵਪੂਰਨ ਸਫਲਤਾ ਦਿਵਾਈ। ਇਸ ਸੀਜ਼ਨ ਵਿੱਚ ਗ੍ਰੀਨ ਹੁਣ ਤੱਕ 232 ਦੌੜਾਂ ਬਣਾ ਚੁੱਕੇ ਹਨ ਅਤੇ 4 ਵਿਕਟਾਂ ਵੀ ਹਾਸਲ ਕੀਤੀਆਂ ਹਨ।
25.20 ਕਰੋੜ ਦੀ ਕੀਮਤ 'ਤੇ ਕੋਈ ਦਬਾਅ ਨਹੀਂ
ਮੈਗਾ ਨਿਲਾਮੀ ਵਿੱਚ KKR ਨੇ ਕੈਮਰੂਨ ਗ੍ਰੀਨ ਨੂੰ 25.20 ਕਰੋੜ ਰੁਪਏ ਦੀ ਵੱਡੀ ਕੀਮਤ 'ਤੇ ਖਰੀਦਿਆ ਸੀ। ਹਾਲਾਂਕਿ, ਗ੍ਰੀਨ ਨੇ ਸਪੱਸ਼ਟ ਕੀਤਾ ਕਿ ਇਸ ਭਾਰੀ ਕੀਮਤ ਦਾ ਉਨ੍ਹਾਂ 'ਤੇ ਕੋਈ ਵਾਧੂ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਟੀਮ ਮੈਨੇਜਮੈਂਟ ਅਤੇ ਕੋਚਿੰਗ ਸਟਾਫ ਵੱਲੋਂ ਉਨ੍ਹਾਂ ਨੂੰ ਕਦੇ ਵੀ ਦਬਾਅ ਮਹਿਸੂਸ ਨਹੀਂ ਹੋਣ ਦਿੱਤਾ ਗਿਆ।
ਪਲੇਆਫ ਦੀ ਦੌੜ ਵਿੱਚ ਕੇਕੇਆਰ (KKR)
ਸ਼ੁਰੂਆਤੀ ਛੇ ਮੈਚਾਂ ਵਿੱਚ ਜਿੱਤ ਨਾ ਮਿਲਣ ਦੇ ਬਾਵਜੂਦ, ਲਗਾਤਾਰ ਚਾਰ ਜਿੱਤਾਂ ਨਾਲ KKR ਹੁਣ ਅੰਕ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਪਹੁੰਚ ਗਈ ਹੈ।
