ਨਹੀਂ ਚੱਲਿਆ ਹੈੱਡ-ਕਲਾਸੇਨ ਦਾ ਬੱਲਾ... ਕੋਲਕਾਤਾ ਦੀ ਵੱਡੀ ਜਿੱਤ, ਹੈਦਰਾਬਾਦ ਦੀ ਲਗਾਤਾਰ ਤੀਜੀ ਹਾਰ
Thursday, Apr 03, 2025 - 11:16 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਵਿੱਚ ਅੱਜ, ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ (SRH) ਨਾਲ ਹੋਇਆ। ਕੋਲਕਾਤਾ ਨੇ ਇਹ ਮੈਚ 80 ਦੌੜਾਂ ਨਾਲ ਜਿੱਤਿਆ। ਸਨਰਾਈਜ਼ਰਜ਼ ਨੂੰ ਜਿੱਤ ਲਈ 201 ਦੌੜਾਂ ਦਾ ਟੀਚਾ ਸੀ ਪਰ ਉਨ੍ਹਾਂ ਦੀ ਪੂਰੀ ਟੀਮ 120 ਦੌੜਾਂ 'ਤੇ ਆਲ ਆਊਟ ਹੋ ਗਈ। ਇਹ ਮੌਜੂਦਾ ਸੀਜ਼ਨ ਵਿੱਚ ਕੋਲਕਾਤਾ ਦੀ ਦੂਜੀ ਜਿੱਤ ਸੀ। ਜਦੋਂ ਕਿ ਸਨਰਾਈਜ਼ਰਜ਼ ਆਪਣਾ ਲਗਾਤਾਰ ਤੀਜਾ ਮੈਚ ਹਾਰ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਲਕਾਤਾ ਨੇ ਰਾਜਸਥਾਨ ਰਾਇਲਜ਼ (RR) ਨੂੰ ਹਰਾਇਆ ਸੀ, ਜਦੋਂ ਕਿ ਉਸਨੂੰ ਰਾਇਲ ਚੈਲੇਂਜਰਜ਼ ਬੰਗਲੌਰ (RCB) ਅਤੇ ਮੁੰਬਈ ਇੰਡੀਅਨਜ਼ (MI) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ, ਹੈਦਰਾਬਾਦ ਨੇ ਰਾਜਸਥਾਨ ਵਿਰੁੱਧ ਸ਼ੁਰੂਆਤੀ ਮੈਚ ਜਿੱਤਿਆ ਪਰ ਲਖਨਊ ਸੁਪਰ ਜਾਇੰਟਸ (LSG) ਅਤੇ ਦਿੱਲੀ ਕੈਪੀਟਲਜ਼ (DC) ਤੋਂ ਮੈਚ ਹਾਰ ਗਏ। ਹੁਣ ਉਸਨੂੰ ਇੱਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ੁਰੂਆਤ ਮਾੜੀ ਰਹੀ। ਉਸਨੇ ਪਾਵਰ ਪਲੇਅ ਵਿੱਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ। ਪਹਿਲੇ ਓਵਰ ਵਿੱਚ ਕੋਲਕਾਤਾ ਦੇ ਇਮਪੈਕਟ ਸਬ ਟ੍ਰੈਵਿਸ ਹੈੱਡ (4) ਨੂੰ ਕੋਲਕਾਤਾ ਦੇ ਇਮਪੈਕਟ ਸਬ ਵੈਭਵ ਅਰੋੜਾ ਨੇ ਆਊਟ ਕਰ ਦਿੱਤਾ। ਹਰਸ਼ਿਤ ਰਾਣਾ ਨੇ ਅਗਲੇ ਓਵਰ ਵਿੱਚ ਅਭਿਸ਼ੇਕ ਸ਼ਰਮਾ (2) ਦੀ ਵਿਕਟ ਲਈ। ਵੈਭਵ ਅਰੋੜਾ ਨੇ ਫਿਰ ਆਪਣੇ ਦੂਜੇ ਓਵਰ ਵਿੱਚ ਈਸ਼ਾਨ ਕਿਸ਼ਨ (2) ਨੂੰ ਆਊਟ ਕਰਕੇ ਹੈਦਰਾਬਾਦ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ।
ਨਿਤੀਸ਼ ਕੁਮਾਰ ਰੈੱਡੀ (19) ਤੋਂ ਵੱਡੀ ਪਾਰੀ ਖੇਡਣ ਦੀ ਉਮੀਦ ਸੀ ਪਰ ਆਂਦਰੇ ਰਸਲ ਨੇ ਉਸਨੂੰ ਆਊਟ ਕਰ ਦਿੱਤਾ। ਡੈਬਿਊ ਕਰ ਰਹੇ ਕਾਮਿੰਦੂ ਮੈਂਡਿਸ (27) ਨੇ ਆਪਣੀ ਪਾਰੀ ਖਤਮ ਹੋਣ ਤੋਂ ਪਹਿਲਾਂ ਕੁਝ ਵਧੀਆ ਸ਼ਾਟ ਮਾਰੇ ਪਰ ਸੁਨੀਲ ਨਾਰਾਇਣ ਦੀ ਫਿਰਕੀ ਨੇ ਉਸਦੀ ਪਾਰੀ ਦਾ ਅੰਤ ਕਰ ਦਿੱਤਾ। ਇਸ ਤੋਂ ਬਾਅਦ ਅਨਿਕੇਤ ਵਰਮਾ (6) ਮਿਸਟਰੀ ਸਪਿਨਰ ਵਰੁਣ ਚੱਕਰਵਰਤੀ ਦਾ ਸ਼ਿਕਾਰ ਬਣਿਆ। ਅਨੀਕੇਤ ਦੇ ਆਊਟ ਹੋਣ ਸਮੇਂ ਸਨਰਾਈਜ਼ਰਜ਼ ਦਾ ਸਕੋਰ 6 ਵਿਕਟਾਂ 'ਤੇ 75 ਦੌੜਾਂ ਸੀ।
ਟੀਮ ਦੀ ਸਭ ਤੋਂ ਵੱਡੀ ਉਮੀਦ ਹੇਨਰਿਕ ਕਲਾਸੇਨ ਨੂੰ ਵੈਭਵ ਅਰੋੜਾ ਨੇ ਆਊਟ ਕਰ ਦਿੱਤਾ, ਜਿਸ ਤੋਂ ਬਾਅਦ ਸਨਰਾਈਜ਼ਰਜ਼ ਦੀਆਂ ਉਮੀਦਾਂ ਖਤਮ ਹੋ ਗਈਆਂ। ਪੈਟ ਕਮਿੰਸ, ਸਿਮਰਜੀਤ ਸਿੰਘ ਅਤੇ ਹਰਸ਼ਲ ਪਟੇਲ ਆਊਟ ਹੋਣ ਵਾਲੇ ਆਖਰੀ ਤਿੰਨ ਬੱਲੇਬਾਜ਼ ਸਨ। ਕਮਿੰਸ ਅਤੇ ਸਿਮਰਜੀਤ ਨੂੰ ਵਰੁਣ ਚੱਕਰਵਰਤੀ ਨੇ ਆਊਟ ਕੀਤਾ, ਜਦੋਂ ਕਿ ਹਰਸ਼ਲ ਨੂੰ ਆਂਦਰੇ ਰਸਲ ਨੇ ਆਊਟ ਕੀਤਾ।