DC vs MI : ਕਰੁਣ ਦੀ ਤੂਫਾਨੀ ਪਾਰੀ ਗਈ ਬੇਕਾਰ, ਮੁੰਬਈ ਨੇ ਰੋਮਾਂਚਕ ਮੈਂਚ 'ਚ ਦਿੱਲੀ ਨੂੰ ਹਰਾਇਆ
Sunday, Apr 13, 2025 - 11:42 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 29ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ (DC) ਦਾ ਸਾਹਮਣਾ ਮੁੰਬਈ ਇੰਡੀਅਨਜ਼ (MI) ਨਾਲ ਹੋਇਆ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ 12 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਦਿੱਲੀ ਨੂੰ ਜਿੱਤ ਲਈ 206 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਪੂਰੀ ਟੀਮ 193 ਦੌੜਾਂ 'ਤੇ ਸਿਮਟ ਗਈ। ਇਹ ਮੌਜੂਦਾ ਆਈਪੀਐਲ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਦੀ ਪਹਿਲੀ ਹਾਰ ਸੀ। ਦਿੱਲੀ ਕੈਪੀਟਲਜ਼ ਨੇ ਲਗਾਤਾਰ 4 ਮੈਚ ਜਿੱਤਣ ਤੋਂ ਬਾਅਦ ਇਸ ਮੈਚ ਵਿੱਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਇਹ 5 ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਦੀ 6 ਮੈਚਾਂ ਵਿੱਚੋਂ ਦੂਜੀ ਜਿੱਤ ਸੀ।
ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਕੈਪੀਟਲਜ਼ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਕਿਉਂਕਿ ਉਨ੍ਹਾਂ ਨੇ ਪਹਿਲੀ ਹੀ ਗੇਂਦ 'ਤੇ ਜੇਕ ਫਰੇਜ਼ਰ-ਮੈਕਗੁਰਕ ਦੀ ਵਿਕਟ ਗੁਆ ਦਿੱਤੀ ਜਿਸ ਨੂੰ ਦੀਪਕ ਚਾਹਰ ਨੇ ਆਊਟ ਕੀਤਾ। ਜੇਕ ਦੇ ਆਊਟ ਹੋਣ ਤੋਂ ਬਾਅਦ ਕਰੁਣ ਨਾਇਰ 'ਇੰਪੈਕਟ ਸਬ' ਵਜੋਂ ਆਏ ਅਤੇ ਉਨ੍ਹਾਂ ਨੇ ਅਭਿਸ਼ੇਕ ਪੋਰੇਲ ਨਾਲ ਇੱਕ ਜ਼ਬਰਦਸਤ ਸਾਂਝੇਦਾਰੀ ਕੀਤੀ। ਨਾਇਰ ਨੇ ਸਿਰਫ਼ 22 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਨਾਇਰ ਅਤੇ ਪੋਰੇਲ ਨੇ ਦੂਜੀ ਵਿਕਟ ਲਈ 119 ਦੌੜਾਂ ਜੋੜ ਕੇ ਦਿੱਲੀ ਨੂੰ ਲੈਅ ਦਿੱਤੀ। 'ਇੰਪੈਕਟ ਸਬ' ਕਰਨ ਸ਼ਰਮਾ ਨੇ ਅਪੋਰੇਲ ਨੂੰ ਆਊਟ ਕਰਕੇ ਸਾਂਝੇਦਾਰੀ ਤੋੜ ਦਿੱਤੀ। ਪੋਰੇਲ ਨੇ 25 ਗੇਂਦਾਂ ਵਿੱਚ 3 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ।
ਅਭਿਸ਼ੇਕ ਪੋਰੇਲ ਦੇ ਆਊਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਕਰੁਣ ਨਾਇਰ ਵੀ ਆਊਟ ਹੋ ਗਏ। ਕਰੁਣ ਨੇ 42 ਗੇਂਦਾਂ ਵਿੱਚ 12 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਕਰੁਣ ਨਾਇਰ ਨੂੰ ਮਿਸ਼ੇਲ ਸੈਂਟਨਰ ਨੇ ਬੋਲਡ ਕੀਤਾ। ਇਸ ਤੋਂ ਬਾਅਦ ਦਿੱਲੀ ਨੇ ਕਪਤਾਨ ਅਕਸ਼ਰ ਪਟੇਲ (9) ਅਤੇ ਟ੍ਰਿਸਟਨ ਸਟੱਬਸ (1) ਨੂੰ ਸਸਤੇ ਵਿੱਚ ਗੁਆ ਦਿੱਤਾ। ਅਕਸ਼ਰ ਨੂੰ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ ਅਤੇ ਸਟੱਬਸ ਨੂੰ ਕਰਨ ਸ਼ਰਮਾ ਨੇ ਆਊਟ ਕੀਤਾ। ਇਸ ਤੋਂ ਬਾਅਦ ਕਰਨ ਸ਼ਰਮਾ ਨੇ 16ਵੇਂ ਓਵਰ ਵਿੱਚ ਕੇਐਲ ਰਾਹੁਲ ਦੀ ਵਿਕਟ ਲੈ ਕੇ ਦਿੱਲੀ ਦੀਆਂ ਚਿੰਤਾਵਾਂ ਵਧਾ ਦਿੱਤੀਆਂ।
ਹੁਣ ਜਿੱਤ ਦੀ ਜ਼ਿੰਮੇਵਾਰੀ ਆਸ਼ੂਤੋਸ਼ ਸ਼ਰਮਾ ਅਤੇ ਵਿਪਰਾਜ ਨਿਗਮ 'ਤੇ ਸੀ ਪਰ ਵਿਪਰਾਜ ਨੂੰ ਸਪਿਨਰ ਮਿਸ਼ੇਲ ਸੈਂਟਨਰ ਨੇ ਸਟੰਪ ਆਊਟ ਕਰ ਦਿੱਤਾ। ਜਦੋਂ ਵਿਪਰਾਜ ਆਊਟ ਹੋਏ ਤਾਂ ਮੁੰਬਈ ਦਾ ਸਕੋਰ ਚਾਰ ਵਿਕਟਾਂ 'ਤੇ 180 ਦੌੜਾਂ ਸੀ। ਦਿੱਲੀ ਕੈਪੀਟਲਜ਼ ਨੂੰ ਜਿੱਤਣ ਲਈ ਆਖਰੀ 2 ਓਵਰਾਂ ਵਿੱਚ 23 ਦੌੜਾਂ ਦੀ ਲੋੜ ਸੀ ਪਰ 19ਵੇਂ ਓਵਰ ਵਿੱਚ ਤਿੰਨ ਰਨਆਊਟ ਨੇ ਦਿੱਲੀ ਦਾ ਕੰਮ ਖਤਮ ਕਰ ਦਿੱਤਾ। ਬੁਮਰਾਹ ਦੇ ਉਸ ਓਵਰ ਵਿੱਚ ਆਸ਼ੂਤੋਸ਼ ਸ਼ਰਮਾ, ਕੁਲਦੀਪ ਯਾਦਵ ਅਤੇ ਮੋਹਿਤ ਸ਼ਰਮਾ ਰਨ ਆਊਟ ਹੋ ਗਏ।