IPL 2025 : ਹੈਦਰਾਬਾਦ ਦੀ ਹਮਲਾਵਰ ਬੱਲੇਬਾਜ਼ੀ ਤੋਂ ਚੌਕਸ ਰਹਿਣਾ ਪਵੇਗਾ ਲਖਨਊ ਨੂੰ

Thursday, Mar 27, 2025 - 12:58 PM (IST)

IPL 2025 : ਹੈਦਰਾਬਾਦ ਦੀ ਹਮਲਾਵਰ ਬੱਲੇਬਾਜ਼ੀ ਤੋਂ ਚੌਕਸ ਰਹਿਣਾ ਪਵੇਗਾ ਲਖਨਊ ਨੂੰ

ਹੈਦਰਾਬਾਦ– ਪਹਿਲੇ ਮੈਚ ਵਿਚ ਹਾਰ ਦਾ ਸਾਹਮਣਾ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਪਣੇ ਅਗਲੇ ਮੈਚ ਵਿਚ ਵੀਰਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਦੇ ਬੱਲੇਬਾਜ਼ ਕਿਸੇ ਵੀ ਤਰ੍ਹਾਂ ਦੇ ਹਮਲੇ ਦੀਆਂ ਬੱਖੀਆਂ ਉਧੇੜਨ ਵਿਚ ਮਾਹਿਰ ਹਨ। ਪਿਛਲੇ ਸਾਲ ਉਪ ਜੇਤੂ ਸਨਰਾਈਜ਼ਰਜ਼ ਦੀ ਟੀਮ ਨੇ ਇਸ ਸੈਸ਼ਨ ਵਿਚ ਵੀ ਆਪਣਾ ਹਮਲਾਵਰ ਅੰਦਾਜ਼ ਬਰਕਰਾਰ ਰੱਖਿਆ ਹੈ।

ਰਾਜਸਥਾਨ ਰਾਇਲਜ਼ ਵਿਰੁੱਧ ਪਹਿਲੇ ਮੈਚ ਵਿਚ ਉਸਦੀ ਟੀਮ ਆਈ. ਪੀ. ਐੱਲ. ਵਿਚ ਆਪਣੇ ਸਰਵੋਤਮ ਸਕੋਰ ਦੇ ਰਿਕਾਰਡ ਨੂੰ ਤੋੜਨ ਦੇ ਨੇੜੇ ਪਹੁੰਚ ਗਈ ਸੀ। ਸਨਰਾਈਜ਼ਰਜ਼ ਨੇ ਇਹ ਮੈਚ 44 ਦੌੜਾਂ ਨਾਲ ਜਿੱਤਿਆ ਸੀ। ਪੈਟ ਕਮਿੰਸ ਦੀ ਅਗਵਾਈ ਵਾਲੀ ਸਨਰਾਈਜ਼ਰਜ਼ ਦੀ ਟੀਮ ਕੋਲ ਕਈ ਧਮਾਕੇਦਾਰ ਬੱਲੇਬਾਜ਼ ਹਨ ਤੇ ਅਜਿਹੇ ਵਿਚ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਲਈ ਆਪਣੇ ਪ੍ਰਮੁੱਖ ਗੇਂਦਬਾਜ਼ਾਂ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ’ਤੇ ਰੋਕ ਲਾਉਣੀ ਆਸਾਨ ਨਹੀਂ ਹੋਵੇਗੀ।

ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਨੇ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਦੇ ਗੇਂਦਬਾਜ਼ਾਂ ਦੀ ਇਕ ਨਹੀਂ ਚੱਲਣ ਦਿੱਤੀ ਸੀ ਤੇ 6 ਵਿਕਟਾਂ ’ਤੇ 286 ਦੌੜਾਂ ਬਣਾਈਆਂ ਸਨ, ਜਿਸ ਵਿਚ ਈਸ਼ਾਨ ਕਿਸ਼ਨ ਦਾ ਸੈਂਕੜਾ ਵੀ ਸਾਮਲ ਹੈ। ਅਜਿਹਾ ਲੱਗ ਰਿਹਾ ਸੀ ਕਿ ਕਿਸ਼ਨ ਇਕ ਮਿਸ਼ਨ ’ਤੇ ਹੈ। ਉਸ ਨੇ ਮੁੰਬਈ ਇੰਡੀਅਨਜ਼ ਵੱਲੋਂ ਛੱਡੇ ਜਾਣ ਤੋਂ ਬਾਅਦ ਆਈ. ਪੀ. ਐੱਲ. ਵਿਚ ਆਪਣਾ ਪਹਿਲਾ ਸੈਂਕੜਾ ਲਾਇਆ ਤੇ 47 ਗੇਂਦਾਂ ਵਿਚ ਅਜੇਤੂ 106 ਦੌੜਾਂ ਦੀ ਪਾਰੀ ਵਿਚ 6 ਛੱਕੇ ਤੇ 11 ਚੌਕੇ ਲਾਏ।

ਕਿਸ਼ਨ ਤੋਂ ਇਲਾਵਾ ਸਨਰਾਈਜ਼ਰਜ਼ ਦੀ ਟੀਮ ਵਿਚ ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ ਤੇ ਹੈਰਨਿਕ ਕਲਾਸੇਨ ਵਰਗੇ ਹਮਲਾਵਰ ਬੱਲੇਬਾਜ਼ ਹਨ। ਇਹ ਹੀ ਨਹੀਂ, ਨਿਤੀਸ਼ ਕੁਮਾਰ ਰੈੱਡੀ ਨੇ ਪਿਛਲੇ ਮੈਚ ਵਿਚ ਦੌੜਾਂ ਬਣਾ ਕੇ ਜਤਾ ਦਿੱਤਾ ਸੀ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਘੱਟ ਕਰ ਕੇ ਸਮਝਣਾ ਗਲਤੀ ਹੋਵੇਗੀ।

ਅਜਿਹੇ ਹਾਲਾਤ ਵਿਚ ਲਖਨਊ ਨੂੰ ਗੇਂਦਬਾਜ਼ੀ ਵਿਭਾਗ ਵਿਚ ਸਪੱਸ਼ਟ ਯੋਜਨਾ ਦੇ ਨਾਲ ਮੈਦਾਨ ’ਤੇ ਉਤਰਨਾ ਪਵੇਗਾ ਕਿਉਂਕਿ ਛੋਟੀ ਜਿਹੀ ਗਲਤੀ ਵੀ ਕਾਫੀ ਮਹਿੰਗੀ ਸਾਬਤ ਹੋ ਸਕਦੀ ਹੈ। ਲਖਨਊ ਨੂੰ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਹੱਥੋਂ ਇਕ ਵਿਕਟ ਦੀ ਨੇੜਲੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਖਨਊ ਦਾ ਕਪਤਾਨ ਪੰਤ ਪਿਛਲੇ ਮੈਚ ਵਿਚ ਖਾਤਾ ਵੀ ਨਹੀਂ ਖੋਲ੍ਹ ਸਕਿਆ ਸੀ । ਇਹ ਹੀ ਨਹੀਂ, ਵਿਕਟਕੀਪਿੰਗ ਵਿਚ ਵੀ ਉਸ ਨੇ ਗਲਤੀਆਂ ਕੀਤੀਆ। ਦਿੱਲੀ ਕੋਲ ਜਦੋਂ ਸਿਰਫ ਇਕ ਵਿਕਟ ਬਚੀ ਸੀ ਤੇ ਉਸ ਨੂੰ ਆਖਰੀ ਓਵਰ ਵਿਚ 6 ਦੌੜਾਂ ਦੀ ਲੋੜ ਸੀ ਤਦ ਪੰਤ ਸਟੰਪਿੰਗ ਦਾ ਆਸਾਨ ਮੌਕਾ ਗੁਆ ਬੈਠਾ ਸੀ। ਲਖਨਊ ਲਈ ਪਿਛਲੇ ਮੈਚ ਵਿਚ ਮਿਸ਼ੇਲ ਮਾਰਸ਼ ਤੇ ਨਿਕਲੋਸ ਪੂਰਣ ਨੇ ਹਮਲਾਵਰ ਅੰਦਾਜ਼ ਵਿਚ ਬੱਲੇਬਾਜ਼ੀ ਕਰ ਕੇ ਅਰਧ ਸੈਂਕੜੇ ਲਾਏ ਸਨ ਤੇ ਟੀਮ ਨੂੰ ਉਸ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਲਖਨਊ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਹਾਲਾਂਕਿ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਪਿਛਲੇ ਮੈਚ ਵਿਚ ਸਪਿੰਨਰ ਰਵੀ ਬਿਸ਼ਨੋਈ ਨੂੰ ਛੱਡ ਕੇ ਲਖਨਊ ਦੇ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਉਸ ਦਾ ਤੇਜ਼ ਗੇਂਦਬਾਜ਼ੀ ਵਿਭਾਗ ਕੁਝ ਪ੍ਰਮੁੱਖ ਗੇਂਦਬਾਜ਼ਾਂ ਦੇ ਜ਼ਖ਼ਮੀ ਹੋਣ ਨਾਲ ਕਮਜ਼ੋਰ ਪੈ ਗਿਆ ਹੈ ਤੇ ਅਜਿਹੇ ਵਿਚ ਸ਼ਾਰਦੁਲ ਠਾਕੁਰ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਜਿਸ ਨੂੰ ਲਖਨਊ ਨੇ ਪਹਿਲੇ ਮੈਚ ਤੋਂ ਠੀਕ ਪਹਿਲਾਂ ਮੋਹਸਿਨ ਖਾਨ ਦੀ ਜਗ੍ਹਾ ਆਪਣੀ ਟੀਮ ਨਾਲ ਜੋੜਿਆ ਸੀ।

ਸੰਭਾਵਿਤ ਪਲੇਇੰਗ 11

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਐਡਮ ਜ਼ਾਂਪਾ, ਮੁਹੰਮਦ ਸ਼ਮੀ, ਸਿਮਰਜੀਤ ਸਿੰਘ।

ਲਖਨਊ ਸੁਪਰ ਜਾਇੰਟਸ : ਏਡੇਨ ਮਾਰਕਰਮ, ਮਿਸ਼ੇਲ ਮਾਰਸ਼, ਨਿਕੋਲਸ ਪੂਰਨ, ਆਯੁਸ਼ ਬਡੋਨੀ, ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਡੇਵਿਡ ਮਿਲਰ, ਸ਼ਾਰਦੁਲ ਠਾਕੁਰ, ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਦਿਗਵੇਸ਼ ਰਾਠੀ, ਆਵੇਸ਼ ਖਾਨ, ਪ੍ਰਿੰਸ ਯਾਦਵ


author

Tarsem Singh

Content Editor

Related News