IPL 2025 : ਕੋਲਕਾਤਾ ਅਤੇ ਰਾਜਸਥਾਨ ਦੀਆਂ ਨਜ਼ਰਾਂ ਆਪਣੀਆਂ ਕਮਜ਼ੋਰੀਆਂ ’ਚ ਸੁਧਾਰ ਕਰਨ ’ਤੇ

Wednesday, Mar 26, 2025 - 12:25 PM (IST)

IPL 2025 : ਕੋਲਕਾਤਾ ਅਤੇ ਰਾਜਸਥਾਨ ਦੀਆਂ ਨਜ਼ਰਾਂ ਆਪਣੀਆਂ ਕਮਜ਼ੋਰੀਆਂ ’ਚ ਸੁਧਾਰ ਕਰਨ ’ਤੇ

ਗੁਹਾਟੀ- ਆਪਣੇ ਸ਼ੁਰੂਆਤੀ ਮੈਚਾਂ ’ਚ ਹਾਰ ਦਾ ਸੁਆਦ ਚੱਖਣ ਵਾਲੀ ਪਿਛਲੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਬੁੱਧਵਾਰ ਨੂੰ ਜਦੋਂ ਇਕ-ਦੂਸਰੇ ਦਾ ਸਾਹਮਣਾ ਕਰਨਗੀਆਂ ਤਾਂ ਉਨ੍ਹਾਂ ਦਾ ਟੀਚਾ ਆਪਣੀਆਂ ਕਮਜ਼ੋਰੀਆਂ ਨੂੰ ਜਲਦ ਤੋਂ ਜਲਦ ਦੂਰ ਕਰਨਾ ਹੋਵੇਗਾ।

ਨਾਈਟ ਰਾਈਡਰਸ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ’ਚ ਜਿੱਥੇ ਰਾਇਲ ਚੈਲੰਜ਼ਰਸ ਬੈਂਗਲੁਰੂ (ਆਰ. ਸੀ. ਬੀ.) ਕੋਲੋਂ 7 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਰਾਜਸਥਾਨ ਰਾਇਲਸ ਨੂੰ ਸਨਰਾਈਜ਼ਰਸ ਹੈਦਰਾਬਾਦ ਤੋਂ 44 ਦੌੜਾਂ ਨਾਲ ਕਰਾਰੀ ਹਾਰ ਝੱਲਣੀ ਪਈ। ਇਨ੍ਹਾਂ ਦੋਨੋਂ ਮੈਚਾਂ ’ਚ ਨਾਈਟ ਰਾਈਡਰਸ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨੋਂ ਵਿਭਾਗਾਂ ’ਚ ਹਮਲਾਵਰਤਾ ਦਿਖਾਉਣ ’ਚ ਅਸਫਲ ਰਹੀਆਂ।

ਸੁਨੀਲ ਨਾਰਾਇਣ ਨੂੰ ਛੱਡ ਕੇ ਨਾਈਟ ਰਾਈਡਰਸ ਦਾ ਕੋਈ ਵੀ ਗੇਂਦਬਾਜ਼ ਆਰ. ਸੀ. ਬੀ. ਦੇ ਬੱਲੇਬਾਜ਼ਾਂ ’ਤੇ ਰੋਕ ਨਹੀਂ ਲਗਾ ਸਕਿਆ। ਇਸ ਮੈਚ ਨਾਲ ਪਹਿਲਾਂ ਚੰਗੀ ਫਾਰਮ ’ਚ ਚੱਲ ਰਹੇ ਸਪਿਨਰ ਵਰੁਣ ਚੱਕਰਵਰਤੀ ਦਾ ਆਪਣਾ ਪ੍ਰਭਾਵ ਨਾ ਛੱਡ ਪਾਉਣਾ ਉਸ ਦੇ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਈਡਨ ਗਾਰਡਨਜ਼ ਦੀ ਪਿੱਚ ’ਤੇ ਫਿਲ ਸਾਲਟ ਅਤੇ ਵਿਰਾਟ ਕੋਹਲੀ ਨੇ ਚੱਕਰਵਰਤੀ ਖਿਲਾਫ ਆਸਾਨੀ ਨਾਲ ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਥਾਣੇ 'ਚ ਬੇਕਾਬੂ ਹੋਈ ਬਾਕਸਰ ਸਵੀਟੀ ਬੂਰਾ, ਪਤੀ ਨਾਲ ਕੀਤੀ ਕੁੱਟਮਾਰ

ਨਾਈਟ ਰਾਈਡਰਸ ਦੀ ਟੀਮ ਨੂੰ ਉਮੀਦ ਹੋਵੇਗੀ ਕਿ ਇਹ ਸਪਿਨਰ ਗੁਹਾਟੀ ’ਚ ਵਾਪਸੀ ਕਰਨ ’ਚ ਸਫਲ ਰਹਿਣਗੇ। ਨਾਈਟ ਰਾਈਡਰਸ ਦੀਆਂ ਨਜ਼ਰਾਂ ਐਨਰਿਕ ਨੋਰਕੀਆ ਦੀ ਫਿੱਟਨੈੱਸ ’ਤੇ ਵੀ ਟਿਕੀਆਂ ਰਹਿਣਗੀਆਂ ਜੋ ਪਿੱਠ ਦੇ ਖਿਚਾਅ ਤੋਂ ਉੱਠ ਰਿਹਾ ਹੈ। ਦੱਖਣੀ ਅਫਰੀਕਾ ਦਾ ਇਹ ਤੇਜ਼ ਗੇਂਦਬਾਜ਼ ਜੇਕਰ ਫਿੱਟ ਐਲਾਨਿਆ ਜਾਂਦਾ ਹੈ ਤਾਂ ਉਸ ਨੂੰ ਸਪੈਂਸਰ ਜਾਨਸਨ ਦੀ ਥਾਂ ਅੰਤਿਮ ਇਲੈਵਨ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਪਿਛਲੇ ਮੈਚ ’ਚ ਕਪਤਾਨ ਅਜਿੰਕਯਾ ਰਹਾਣੇ ਅਤੇ ਨਾਰਾਇਣ ਦੇ ਆਊਟ ਹੋਣ ਤੋਂ ਬਾਅਦ ਨਾਈਟ ਰਾਈਡਰਸ ਦਾ ਮੱਧਕ੍ਰਮ ਬਿਖਰ ਗਿਆ ਸੀ। ਵੈਂਕਟੇਸ਼ ਅਈਅਰ ਅਤੇ ਆਂਦਰੇ ਰਸੇਲ ਗਲਤ ਸ਼ਾਟ ਖੇਡ ਕੇ ਆਊਟ ਹੋਏ। ਟੀਮ ਮੈਨੇਜਮੈਂਟ ਨੂੰ ਹੁਣ ਉਮੀਦ ਰਹੇਗੀ ਕਿ ਉਹ ਸ਼ਾਟ ਚੋਣ ’ਚ ਚੌਕਸੀ ਵਰਤਣਗੇ।

ਨਾਈਟ ਰਾਈਡਰਸ ਨੂੰ ਇਸ ਤੋਂ ਇਲਾਵਾ ਰਿੰਕੂ ਸਿੰਘ ਤੋਂ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਰਹੇਗੀ। ਇਸ ਹਮਲਾਵਰ ਬੱਲੇਬਾਜ਼ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਪਿਛਲੀਆਂ 5 ਪਾਰੀਆਂ ’ਚ 11, 9, 8, 30, 9 ਦੌੜਾਂ ਹੀ ਬਣਾਈਆਂ। ਆਈ. ਪੀ. ਐੱਲ. ਦੇ ਪਹਿਲੇ ਮੈਚ ’ਚ ਵੀ ਉਹ ਸਿਰਫ 12 ਦੌੜਾਂ ਬਣਾ ਸਕਿਆ ਸੀ। ਰਾਜਸਥਾਨ ਦੀ ਟੀਮ ਨੇ ਜੇਕਰ ਵਾਪਸੀ ਕਰਨੀ ਹੈ ਤਾਂ ਉਸ ਦੇ ਗੇਂਦਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

ਸੰਭਾਵਿਤ ਪਲੇਇੰਗ 11

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ, ਰਿਆਨ ਪਰਾਗ (ਕਪਤਾਨ), ਨਿਤੀਸ਼ ਰਾਣਾ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਸ਼ੁਭਮ ਦੂਬੇ, ਜੋਫਰਾ ਆਰਚਰ, ਮਹੇਸ਼ ਤਿਕਸ਼ਣਾ, ਤੁਸ਼ਾਰ ਦੇਸ਼ਪਾਂਡੇ, ਸੰਦੀਪ ਸ਼ਰਮਾ, ਫਜ਼ਲਹਕ ਫਾਰੂਕੀ।

ਕੋਲਕਾਤਾ ਨਾਈਟ ਰਾਈਡਰਜ਼ : ਕੁਇੰਟਨ ਡੀ ਕੌਕ (ਵਿਕਟਕੀਪਰ), ਸੁਨੀਲ ਨਾਰਾਇਣ, ਅਜਿੰਕਿਆ ਰਹਾਣੇ (ਕਪਤਾਨ), ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ, ਸਪੈਂਸਰ ਜੌਨਸਨ/ਐਨਰਿਚ ਨੋਰਟਜੇ, ਵਰੁਣ ਚੱਕਰਵਰਤੀ, ਵੈਭਵ ਅਰੋੜਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tarsem Singh

Content Editor

Related News