ਕ੍ਰਿਕਟ ਮੈਚ ਦੌਰਾਨ ਸ਼ੋਰ ਦੀ ਸ਼ਿਕਾਇਤ ''ਤੇ ਜੱਜ ਨੇ ਦਿੱਤਾ ਦਿਲਚਸਪ ਫੈਸਲਾ, ਜਾਣੋ ਪੂਰਾ ਮਾਮਲਾ

07/16/2019 4:53:09 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੁਕਾਬਲਿਆਂ ਦੇ ਦੌਰਾਨ ਫੈਲਣ ਵਾਲੇ ਧੁਨੀ ਪ੍ਰਦੂਸ਼ਣ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐੱਮ.ਸੀ.ਏ.) 'ਤੇ ਜੁਰਮਾਨਾ ਲਗਾਉਣ ਵਾਲੀ ਜਨਹਿਤ ਪਟੀਸ਼ਨ ਸੋਮਵਾਰ (15 ਜੁਲਾਈ, 2019) ਨੂੰ ਬਾਂਬੇ ਹਾਈਕੋਰਟ ਨੇ ਖਾਰਜ ਕਰ ਦਿੱਤੀ। ਕੋਰਟ 'ਚ ਜੱਜ ਨੇ ਕਿਹਾ ਕਿ ਕ੍ਰਿਕਟ 'ਚ ਮਸਤੀ ਤਾਂ ਹੋਵੇਗੀ ਹੀ। ਚੀਫ ਜਸਟਿਸ ਪ੍ਰਦੀਪ ਨੰਦਰਾਜੋਗ ਅਤੇ ਜਸਟਿਸ ਐੱਨ.ਐੱਮ. ਜਮਦਾਰ ਨੇ ਕਿਹਾ ਕਿ ਕ੍ਰਿਕਟ ਮੈਚਾਂ ਦੌਰਾਨ ਜਦੋਂ ਖਿਡਾਰੀ ਚੌਕਾ-ਛੱਕਾ ਜੜੇਗਾ ਜਾਂ ਵਿਕਟ ਲਵੇਗਾ, ਤਦ ਲੋਕ ਤਾਂ ਚੀਅਰ ਕਰਨਗੇ ਅਤੇ ਸ਼ੋਰ ਕਰਨਗੇ ਹੀ। ਜੱਜ ਨੰਦਰਾਜੋਗ, ''ਸਮਾਜ ਨੂੰ ਥੋੜ੍ਹੀ ਮੌਜ ਮਸਤੀ ਵੀ ਕਰਨ ਦੇਵੋ..ਥੋੜ੍ਹਾ ਬਹੁਤ ਤਾਂ ਸ਼ੋਰ ਹੋਣਾ ਹੀ ਚਾਹੀਦਾ ਹੈ। ਲੋਕਾਂ ਨੂੰ ਆਨੰਦ ਮਾਣਨ ਦਿਓ।''

ਬੈਂਚ ਨੇ ਇਸ ਗੱਲ 'ਤੇ ਵੀ ਗੌਰ ਕੀਤਾ ਕਿ ਪਟੀਸ਼ਨਕਰਤਾ ਦਹਿਸਾਰ ਦਾ ਵਸਨੀਕ ਹੈ, ਜੋ ਕਿ ਦੱਖਣੀ ਮੁੰਬਈ ਸਥਿਤ ਵਾਨਖੇੜੇ ਸਟੇਡੀਅਮ ਤੋਂ ਲਗਭਗ 40 ਕਿਲੋਮੀਟਰ ਦੂਰ ਹੈ। ਪਟੀਸ਼ਨ ਖਾਰਜ ਕਰਦੇ ਹੋਏ ਕੋਰਟ ਨੇ ਕਿਹਾ ਕਿ ਆਖ਼ਿਰ ਇੰਨੀ ਦੂਰ ਹੋਣ ਵਾਲੇ ਸ਼ੋਰ-ਸ਼ਰਾਬੇ ਨਾਲ ਪਟੀਸ਼ਨਕਰਤਾ ਕਿਵੇਂ ਪ੍ਰਭਾਵਿਤ ਹੋ ਸਕਦਾ ਹੈ? ਮੈਦਾਨ ਦੇ ਆਸ-ਪਾਸ ਰਹਿਣ ਵਾਲਿਆਂ 'ਚ ਤਾਂ ਕਿਸੇ ਨੇ ਇਸ ਬਾਰੇ ਕਦੀ ਸ਼ਿਕਾਇਤ ਨਹੀਂ ਕੀਤੀ। ਦਰਅਸਲ ਵਕੀਲ ਕਪਿਲ ਸੋਨੀ ਨੇ ਆਈ.ਪੀ.ਐੱਲ. ਮੈਚਾਂ ਤੋਂ ਹੋਣ ਵਾਲੇ ਸ਼ੋਰ-ਸ਼ਰਾਬੇ 'ਤੇ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਸਾਲ 2014 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ ਜਿਸ 'ਚ ਦੋਸ਼ ਲਗਾਇਆ ਸੀ ਕਿ ਸਾਲ 2013 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚਾਂ ਦੇ ਦੌਰਾਨ ਮੁੰਬਈ ਦੇ ਵਾਨਖੇੜੇ ਅਤੇ ਪੁਣੇ ਦੇ ਸੁਬ੍ਰਤ ਰਾਏ ਸਾਹਰਾ ਸਟੇਡੀਅਮ 'ਚ ਧੁਨੀ ਪ੍ਰਦੂਸ਼ਣ ਦੇ ਮਿਆਰਾਂ ਅਤੇ ਨਿਯਮਾਂ ਦੀ ਉਲੰਘਣਾ ਹੋਈ ਸੀ।  ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਰਾਤ 10 ਵਜੇ ਤਕ ਸਮਾਂ ਹੱਦ ਦੇ ਬਾਅਦ ਵੀ ਮੈਚਾਂ ਦੇ ਦੌਰਾਨ ਗਾਣੇ ਵਜਾਉਣ ਲਈ ਲਾਊਡਸਪੀਕਰਸ ਇਸਤੇਮਾਲ ਹੁੰਦੇ ਸਨ, ਜਿਸ ਨਾਲ ਕਿ ਧੁਨੀ ਪ੍ਰਦੂਸ਼ਣ (ਨਿਯਮ ਅਤੇ ਕੰਟਰੋਲ) ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਹੁੰਦੀ ਹੈ।


Tarsem Singh

Content Editor

Related News