ਅੰਤਿਮ ਪੰਘਾਲ ਨੂੰ ਓਲੰਪਿਕ ''ਚ ਅਨੁਸ਼ਾਸਨਹੀਨਤਾ ਪੈ ਸਕਦੀ ਹੈ ਮਹਿੰਗੀ, IOA ਕਰ ਸਕਦੀ ਹੈ ਸਖ਼ਤ ਕਾਰਵਾਈ
Friday, Aug 09, 2024 - 03:59 AM (IST)
ਸਪੋਰਟਸ ਡੈਸਕ– ਆਪਣੇ ਮਾਨਤਾ ਕਾਰਡ ਨਾਲ ਆਪਣੀ ਭੈਣ ਨੂੰ ਖੇਡ ਪਿੰਡ ’ਚ ਦਾਖਲਾ ਦਿਵਾਉਣ ਦੀ ਕੋਸ਼ਿਸ਼ ਕਰ ਕੇ ਭਾਰਤੀ ਓਲੰਪਿਕ ਦਲ ਨੂੰ ਸ਼ਰਮਿੰਦਾ ਕਰਨ ਵਾਲੀ ਪਹਿਲਵਾਨ ਅੰਤਿਮ ਪੰਘਾਲ ਨੂੰ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਵੱਲੋਂ 3 ਸਾਲਾਂ ਲਈ ਪਾਬੰਦੀਸ਼ੁਦਾ ਕੀਤੇ ਜਾਣ ਦੀ ਸੰਭਾਵਨਾ ਹੈ।
ਅੰਤਿਮ ਬੁੱਧਵਾਰ ਨੂੰ ਔਰਤਾਂ ਦੀ ਕੁਸ਼ਤੀ ਦੇ 53 ਕਿਲੋਗ੍ਰਾਮ ਭਾਰ ਵਰਗ ’ਚ ਆਪਣਾ ਪਹਿਲਾ ਮੁਕਾਬਲਾ ਹਾਰਨ ਤੋਂ ਬਾਅਦ ਓਲੰਪਿਕ ਤੋਂ ਬਾਹਰ ਹੋ ਗਈ ਸੀ। ਭਾਰਤੀ ਦਲ ਦੇ ਇਕ ਸੂਤਰ ਨੇ ਦੱਸਿਆ,‘ਆਈ.ਓ.ਏ. (ਭਾਰਤੀ ਓਲੰਪਿਕ ਸੰਘ) ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਚਰਚਾ ਕੀਤੀ, ਜਿਸ ਨਾਲ ਸਾਰਿਆਂ ਨੂੰ ਸ਼ਰਮਿੰਦਗੀ ਝੱਲਣੀ ਪਈ। ਕੋਚ ਸਮੇਤ ਸਾਰਿਆਂ ’ਤੇ 3 ਸਾਲਾਂ ਦੀ ਪਾਬੰਦੀ ਲਗਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਉਹ ਘਰ ਪਹੁੰਚ ਜਾਵੇ। ਫੈਸਲੇ ਦਾ ਐਲਾਨ ਉਸ ਦੇ ਭਾਰਤ ਪਹੁੰਚਣ ਤੋਂ ਬਾਅਦ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- Hockey Final : ਨੀਦਰਲੈਂਡ ਨੇ ਸ਼ੂਟਆਊਟ 'ਚ ਜਰਮਨੀ ਨੂੰ ਹਰਾਇਆ, ਸੋਨ ਤਮਗੇ 'ਤੇ ਕੀਤਾ ਕਬਜ਼ਾ
ਭਾਸ਼ਾ ਦੀ ਸਮੱਸਿਆ ਕਾਰਨ ਸਭ ਕੁਝ ਹੋਇਆ : ਅੰਤਿਮ
ਭਾਰਤ ਵਾਪਸ ਆਉਣ ਤੋਂ ਪਹਿਲਾਂ 19 ਸਾਲਾ ਅੰਤਿਮ ਨੇ ਕਿਹਾ,‘ਮੇਰਾ ਕੁਝ ਵੀ ਗਲਤ ਕਰਨ ਦਾ ਇਰਾਦਾ ਨਹੀਂ ਸੀ। ਮੇਰੀ ਸਿਹਤ ਠੀਕ ਨਹੀਂ ਸੀ। ਇਹ ਸਭ ਭੁਲੇਖੇ ਕਾਰਨ ਹੋਇਆ। ਇਹ ਮੇਰੇ ਲਈ ਚੰਗਾ ਦਿਨ ਨਹੀਂ ਸੀ। ਮੈਂ ਹਾਰ ਗਈ ਅਤੇ ਮੇਰੇ ਬਾਰੇ ਬਹੁਤ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜੋ ਸਹੀ ਨਹੀਂ ਹੈ।’
ਉਸ ਨੇ ਕਿਹਾ,‘ਮੈਨੂੰ ਤੇਜ਼ ਬੁਖਾਰ ਸੀ ਅਤੇ ਮੈਂ ਆਪਣੀ ਭੈਣ ਨਾਲ ਹੋਟਲ ਜਾਣ ਲਈ ਆਪਣੇ ਕੋਚ ਤੋਂ ਇਜਾਜ਼ਤ ਲਈ ਸੀ। ਮੇਰਾ ਕੁਝ ਸਾਮਾਨ ਖੇਡ ਪਿੰਡ ’ਚ ਸੀ। ਮੇਰੀ ਭੈਣ ਨੇ ਮੇਰਾ ਕਾਰਡ ਲਿਆ ਅਤੇ ਉਥੋਂ ਅਧਿਕਾਰੀਆਂ ਤੋਂ ਪੁੱਛਿਆ ਕਿ ਕੀ ਉਹ ਮੇਰਾ ਸਾਮਾਨ ਲੈ ਸਕਦੀ ਹੈ। ਉਹ ਉਸ ਨੂੰ ਮਾਨਤਾ ਕਾਰਡ ਦੀ ਵੈਰੀਫਿਕੇਸ਼ਨ ਲਈ ਪੁਲਸ ਸਟੇਸ਼ਨ ਲੈ ਗਏ।’
ਇਹ ਵੀ ਪੜ੍ਹੋ- ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗਾ, ਪਾਕਿਸਤਾਨ ਦੇ ਅਰਸ਼ਦ ਨੇ ਰਚਿਆ ਇਤਿਹਾਸ, ਸੋਨੇ 'ਤੇ ਕੀਤਾ ਕਬਜ਼ਾ
ਉਨ੍ਹਾਂ ਇਸ ਗੱਲ ਤੋਂ ਨਾਂਹ ਕੀਤੀ ਕਿ ਉਨ੍ਹਾਂ ਦਾ ਕੋਚ ਨਸ਼ੇ ’ਚ ਸੀ। ਉਸ ਨੇ ਕਿਹਾ, ''ਮੇਰੇ ਕੋਚ ਜਦ ਵਾਪਸ ਆ ਰਹੇ ਸਨ ਤਾਂ ਅਸੀਂ ਉਨ੍ਹਾਂ ਲਈ ਕੈਬ ਬੁੱਕ ਕੀਤੀ। ਮੇਰੇ ਕੋਚ ਕੋਲ ਕੈਸ਼ ਨਹੀਂ ਸੀ ਅਤੇ ਭਾਸ਼ਾ ਸਬੰਧੀ ਸਮੱਸਿਆ ਕਾਰਨ ਟੈਕਸੀ ਡਰਾਈਵਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਅਸਲ ’ਚ ਉਹ ਹੋਟਲ ਦੇ ਕਮਰੇ ’ਚੋਂ ਕੁਝ ਯੂਰੋ ਲੈਣ ਆਏ ਸਨ, ਇਸ ’ਚ ਕੁਝ ਸਮਾਂ ਲੱਗ ਗਿਆ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ।’ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਮਾੜੇ ਦੌਰ ’ਚੋਂ ਲੰਘ ਰਹੀ ਹੈ, ਇਸ ਲਈ ਕ੍ਰਿਪਾ ਕਰ ਕੇ ਅਫਵਾਹਾਂ ਨਾ ਫੈਲਾਈਆਂ ਜਾਣ। ਕ੍ਰਿਪਾ ਕਰ ਕੇ ਮੇਰਾ ਸਾਥ ਦਿਓ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e