ਭਾਰਤੀ ਮਹਿਲਾ ਟੀਮ ਸਪੇਨ ਹੱਥੋਂ 3-4 ਨਾਲ ਹਾਰੀ
Wednesday, Feb 19, 2025 - 04:48 PM (IST)

ਭੁਵਨੇਸ਼ਵਰ– ਭਾਰਤੀ ਮਹਿਲਾ ਟੀਮ ਨੂੰ ਮੰਗਲਵਾਰ ਨੂੰ ਇੱਥੇ ਐੱਫ.ਆਈ. ਐੱਚ. ਪ੍ਰੋ ਲੀਗ ਦੇ ਰੋਮਾਂਚਕ ਮੁਕਾਬਲੇ ਵਿਚ ਸਪੇਨ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਕੁਆਰਟਰ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਭਾਰਤ ਨੇ ਦੂਜੇ ਕੁਆਰਟਰ ਵਿਚ ਬਲਜੀਤ ਕੌਰ (19ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ ਸੀ ਪਰ ਸਪੇਨ ਨੇ ਦੋ ਮਿੰਟ ਬਾਅਦ ਹੀ ਸੋਫੀਆ ਰੋਗੋਸਕੀ (21ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਬਰਾਬਰੀ ਕਰ ਲਈ।
ਬਲਜੀਤ ਦਾ ਇਹ ਸੀਨੀਅਰ ਪੱਧਰ ’ਤੇ ਪਹਿਲਾ ਗੋਲ ਸੀ। ਸਪੇਨ ਨੇ ਭਾਰਤੀ ਟੀਮ ’ਤੇ ਦਬਾਅ ਬਣਾਈ ਰੱਖਿਆ ਤੇ ਦੂਜੇ ਕੁਆਰਟਰ ਵਿਚ ਹੀ ਐਸਟੇਲ ਪੇਟਚਾਮੇ (25ਵੇਂ ਮਿੰਟ) ਦੇ ਗੋਲ ਨਾਲ ਬੜ੍ਹਤ ਬਣਾ ਲਈ। ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿਚ ਦਬਦਬਾ ਬਣਾਇਆ। ਸਾਕਸ਼ੀ ਰਾਣਾ ਨੇ 38ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ ਜਦਕਿ ਰੂਤਾਜਾ ਦਾਦਾਸੋ ਪਿਸਲ (45ਵੇਂ ਮਿੰਟ) ਦੇ ਗੋਲ ਦੀ ਬਦੌਲਤ ਉਸ ਨੇ ਬੜ੍ਹਤ ਹਾਸਲ ਕਰ ਲਈ।
ਸਪੇਨ ਨੇ ਹਾਲਾਂਕਿ ਚੌਥੇ ਤੇ ਆਖਰੀ ਕੁਆਰਟਰ ਵਿਚ ਸ਼ਾਨਦਾਰ ਵਾਪਸੀ ਕੀਤੀ ਤੇ ਐਸਟੇਲ (49ਵੇਂ ਮਿੰਟ) ਤੇ ਲੂਸੀਆ ਜਿਮੇਨੇਜ (52ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਆਪਣੀ ਜਿੱਤ ਪੱਕੀ ਕੀਤੀ। ਸਪੇਨ ਨੇ ਇਹ ਦੋਵੇਂ ਗੋਲ ਪੈਨਲਟੀ ’ਤੇ ਕੀਤੇ। ਭਾਰਤੀ ਮਹਿਲਾ ਟੀਮ ਆਪਣੇ ਪਿਛਲੇ ਮੈਚ ਵਿਚ ਇੰਗਲੈਂਡ ਹੱਥੋਂ ਹਾਰੀ ਸੀ।