ਏਸ਼ੀਆ ਕੱਪ ਰਾਹੀਂ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ

Sunday, Dec 08, 2024 - 02:15 PM (IST)

ਏਸ਼ੀਆ ਕੱਪ ਰਾਹੀਂ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਚਾਹੇਗੀ ਭਾਰਤੀ ਮਹਿਲਾ ਹਾਕੀ ਟੀਮ

ਮਸਕਟ– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਐਤਵਾਰ ਨੂੰ ਇੱਥੇ ਏਸ਼ੀਆ ਕੱਪ ਵਿਚ ਬੰਗਲਾਦੇਸ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤੇ ਉਸਦੀਆਂ ਨਜ਼ਰਾਂ ਆਪਣਾ ਖਿਤਾਬ ਬਚਾਉਣ ਦੇ ਨਾਲ ਅਗਲੇ ਸਾਲ ਦੇ ਜੂਨੀਅਰ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨ 'ਤੇ ਹੋਣਗੀਆਂ। 7 ਤੋਂ 15 ਦਸੰਬਰ ਤੱਕ ਹੋਣ ਵਾਲਾ ਇਹ ਟੂਰਨਾਮੈਂਟ ਚਿਲੀ ਵਿਚ ਹੋਣ ਵਾਲੇ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ 2025 ਲਈ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ।

ਕੋਚ ਤੁਸ਼ਾਰ ਖਾਂਡੇਕਰ ਦੇ ਮਾਰਗਦਰਸ਼ਨ ਵਿਚ ਭਾਰਤ ਦੀ ਅਗਵਾਈ ਜਯੋਤੀ ਸਿੰਘ ਕਰੇਗੀ ਜਦਕਿ ਸਾਕਸ਼ੀ ਰਾਣਾ ਉਪ ਕਪਤਾਨ ਹੋਵੇਗੀ। ਟੀਮ ਵਿਚ ਦੀਪਿਕਾ, ਵੈਸ਼ਵੀ ਵਿੱਠਲ ਫਾਲਕੇ, ਸੁਨੀਤਾ ਟੋਪੋ ਤੇ ਮੁਮਤਾਜ਼ ਖਾਨ ਵਰਗੀਆਂ ਖਿਡਾਰਨਾਂ ਵੀ ਸ਼ਾਮਲ ਹਨ ਜਿਹੜੀਆਂ ਪਿਛਲੇ ਸਾਲ ਦੀ ਖਿਤਾਬੀ ਜਿੱਤ ਤੋਂ ਬਾਅਦ ਤੋਂ ਸੀਨੀਅਰ ਟੀਮ ਲਈ ਖੇਡ ਰਹੀਆਂ ਹਨ।

ਪਿਛਲੇ ਸਾਲ ਭਾਰਤ ਨੇ ਫਾਈਨਲ ਵਿਚ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਭਾਰਤ ਨੂੰ ਪੂਲ-ਏ ਵਿਚ ਚੀਨ, ਮਲੇਸ਼ੀਆ, ਥਾਈਲੈਂਡ ਤੇ ਬੰਗਲਾਦੇਸ਼ ਦੇ ਨਾਲ ਰੱਖਿਆ ਗਿਆ ਹੈ। ਪੂਲ-ਬੀ ਵਿਚ ਦੱਖਣੀ ਕੋਰੀਆ, ਜਾਪਾਨ, ਚੀਨੀ ਤਾਈਪੇ, ਹਾਂਗਕਾਂਗ ਤੇ ਸ਼੍ਰੀਲੰਕਾ ਸ਼ਾਮਲ ਹਨ। ਹਰੇਕ ਟੀਮ ਆਪਣੇ ਪੂਲ ਵਿਚ ਹਰੇਕ ਵਿਰੋਧੀ ਦੇ ਨਾਲ ਇਕ ਵਾਰ ਖੇਡੇਗੀ ਤੇ ਹਰੇਕ ਪੂਲ ਵਿਚੋਂ ਦੋ ਚੋਟੀ ਦੀਆਂ ਟੀਮਾਂ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਦੇ ਨਾਲ ਅਗਲੇ ਸਾਲ ਦੇ ਵਿਸ਼ਵ ਕੱਪ ਵਿਚ ਵੀ ਜਗ੍ਹਾ ਬਣਾਉਣਗੀਆਂ। ਜੇਕਰ ਭਾਰਤ ਪੂਲ-ਏ ਵਿਚ ਚੋਟੀ ਦੀਆਂ ਦੋ ਟੀਮਾਂ ਵਿਚੋਂ ਇਕ ਰਹਿੰਦਾ ਹੈ ਤਾਂ ਉਹ 14 ਦਸੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਵਿਚ ਪਹੁੰਚ ਜਾਵੇਗਾ। ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ 15 ਦਸੰਬਰ ਨੂੰ ਖੇਡਿਆ ਜਾਵੇਗਾ।
 


author

Tarsem Singh

Content Editor

Related News