ਪੈਰਿਸ ਓਲੰਪਿਕ : ਸੋਨੇ ਤੋਂ ਦੋ ਜਿੱਤਾਂ ਦੂਰ ਭਾਰਤੀ ਹਾਕੀ ਟੀਮ ਸਾਹਮਣੇ ਜਰਮਨੀ ਦੀ ਸਖਤ ਚੁਣੌਤੀ

Tuesday, Aug 06, 2024 - 11:15 AM (IST)

ਪੈਰਿਸ ਓਲੰਪਿਕ : ਸੋਨੇ ਤੋਂ ਦੋ ਜਿੱਤਾਂ ਦੂਰ ਭਾਰਤੀ ਹਾਕੀ ਟੀਮ ਸਾਹਮਣੇ ਜਰਮਨੀ ਦੀ ਸਖਤ ਚੁਣੌਤੀ

ਪੈਰਿਸ, (ਭਾਸ਼ਾ)– ਓਲੰਪਿਕ ਵਿਚ 44 ਸਾਲ ਬਾਅਦ ਸੋਨ ਤਮਗਾ ਜਿੱਤਣ ਦੇ ਰਸਤੇ ’ਤੇ ਭਾਰਤੀ ਹਾਕੀ ਟੀਮ ਸਾਹਮਣੇ ਮੰਗਲਵਾਰ ਨੂੰ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨ ਜਰਮਨੀ ਦੀ ਸਖਤ ਚੁਣੌਤੀ ਹੋਵੇਗੀ ਤੇ ਇਸ ਅੜਿੱਕੇ ਨੂੰ ਪਾਰ ਕਰਕੇ ਟੀਮ ‘ਸੰਕਟਮੋਚਕ’ ਪੀ. ਆਰ. ਸ਼੍ਰੀਜੇਸ਼ ਨੂੰ ਸ਼ਾਨਦਾਰ ਵਿਦਾਈ ਦੇਣ ਦੇ ਆਪਣੇ ਮਿਸ਼ਨ ਵੱਲ ਅਗਲਾ ਕਦਮ ਰੱਖੇਗੀ।

ਬ੍ਰਿਟੇਨ ਵਿਰੁੱਧ ਕੁਆਰਟਰ ਫਾਈਨਲ ਵਿਚ 10 ਖਿਡਾਰੀਆਂ ਤਕ ਸਿਮਟਣ ਦੇ ਬਾਵਜੂਦ ਭਾਰਤੀ ਟੀਮ ਨੇ ਜਿਸ ਤਰ੍ਹਾਂ ਸਾਹਸ ਤੇ ਕਲਾ ਦਾ ਪ੍ਰਦਰਸ਼ਨ ਕਰਕੇ ਮੁਕਾਬਲਾ ਪੈਨਲਟੀ ਸ਼ੂਟਆਊਟ ਤਕ ਖਿੱਚਿਆ, ਉਹ ਸ਼ਲਾਘਾਯੋਗ ਹੈ।

ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਮੈਚ ਵਿਚ ਜਰਮਨੀ ਦੀ ਪੈਨਲਟੀ ਹੀ ਬਚਾਅ ਕੇ ਭਾਰਤ ਨੂੰ 41 ਸਾਲ ਬਾਅਦ ਤਮਗਾ ਦਿਵਾਉਣ ਵਾਲਾ ਹੀਰੋ ਸ਼੍ਰੀਜੇਸ਼ ਇਕ ਵਾਰ ਫਿਰ ਜਿੱਤ ਦਾ ਸੂਤਰਧਾਰ ਬਣਿਆ। ਉਸ ਨੇ ਸ਼ੂਟਆਊਟ ਵਿਚ ਬ੍ਰਿਟੇਨ ਦੀਆਂ 2 ਸ਼ਾਟਾਂ ਬਚਾਈਆਂ ਤੇ ਇਸ ਤੋਂ ਪਹਿਲਾਂ ਨਿਰਧਾਰਿਤ ਸਮੇਂ ਦੇ ਅੰਦਰ ਵੀ ਬ੍ਰਿਟੇਨ ਨੇ 28 ਵਾਰ ਭਾਰਤੀ ਗੋਲਾਂ ’ਤੇ ਹਮਲਾ ਕੀਤਾ ਤੇ 10 ਪੈਨਲਟੀ ਕਾਰਨਰ ਬਣਾਏ ਪਰ ਸਿਰਫ ਇਕ ’ਤੇ ਹੀ ਉਸ ਨੂੰ ਸਫਲਤਾ ਮਿਲੀ ਸੀ।

36 ਸਾਲਾ ਸ਼੍ਰੀਜੇਸ਼ ਦਾ ਇਹ ਆਖਰੀ ਟੂਰਨਾਮੈਂਟ ਹੈ ਤੇ ਉਸ ਨੂੰ ਸੋਨ ਤਮਗੇ ਨਾਲ ਵਿਦਾਈ ਦੇਣ ਦਾ ਮਿਸ਼ਨ ਭਾਰਤੀ ਟੀਮ ਲਈ ਵਾਧੂ ਪ੍ਰੇਰਣਾ ਬਣਿਆ ਹੈ। ਭਾਰਤ ਨੇ 8 ਓਲੰਪਿਕ ਸੋਨ ਤਮਗਿਆਂ ਵਿਚੋਂ ਆਖਰੀ 1980 ਵਿਚ ਮਾਸਕੋ ਵਿਚ ਜਿੱਤਿਆ ਸੀ ਤੇ ਹੁਣ ਪੈਰਿਸ ਵਿਚ ਉਸਦੇ ਕੋਲ 44 ਸਾਲ ਬਾਅਦ ਇਤਿਹਾਸ ਰਚਣ ਦਾ ਮੌਕਾ ਹੈ।

ਸੈਮੀਫਾਈਨਲ ਜਿੱਤਣ ’ਤੇ ਭਾਰਤ ਦਾ ਚਾਂਦੀ ਤਮਗਾ ਪੱਕਾ ਹੋ ਜਾਵੇਗਾ ਜਿਹੜਾ ਆਖਰੀ ਵਾਰ ਉਸ ਨੇ 1960 ਵਿਚ ਰੋਮ ਵਿਚ ਜਿੱਤਿਆ ਸੀ। ਬ੍ਰਿਟੇਨ ਵਿਰੁੱਧ ਭਾਰਤ ਤਕਰੀਬਨ 40 ਮਿੰਟ ਤਕ 10 ਖਿਡਾਰੀਆਂ ਨਾਲ ਖੇਡਿਆ ਕਿਉਂਕਿ ਅਮਿਤ ਰੋਹਿਦਾਸ ਨੂੰ ਰੈੱਡ ਕਾਰਡ ਦਿਖਾਇਆ ਗਿਆ ਸੀ।

ਰੋਹਿਦਾਸ ਦੀ ਗੈਰ-ਮੌਜੂਦਗੀ ਭਾਰਤ ਨੂੰ ਪੈਨਲਟੀ ਕਾਰਨਰ ਵਿਚ ਵੀ ਮਹਿਸੂਸ ਹੋਵੇਗੀ ਕਿਉਂਕਿ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਬਾਅਦ ਉਹ ਭਾਰਤ ਦਾ ਡ੍ਰੈਗ ਫਲਿੱਕ ਮਾਹਿਰ ਹੈ। ਉਸਦੀ ਗੈਰ-ਮੌਜੂਦਗੀ ਵਿਚ ਹੁਣ ਹਰਮਨਪ੍ਰੀਤ ’ਤੇ ਵਾਧੂ ਦਬਾਅ ਰਹੇਗਾ ਜਿਹੜਾ ਸ਼ਾਨਦਾਰ ਫਾਰਮ ਵਿਚ ਹੈ ਤੇ ਹੁਣ ਤਕ 7 ਗੋਲ ਕਰ ਚੁੱਕਾ ਹੈ। ਆਧੁਨਿਕ ਹਾਕੀ ਵਿਚ ਭਾਰਤੀ ਡਿਫੈਂਸ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਤੇ ਜਿਵੇਂ ਕਿ ਕੋਚ ਕ੍ਰੇਗ ਫੁਲਟੌਨ ਨੇ ਕਿਹਾ ਕਿ ਇਹ ਜਿੱਤ ਨਹੀਂ ਇਕ ‘ਸਟੇਟਮੈਂਟ’ ਸੀ।

ਵਿਸ਼ਵ ਰੈਂਕਿੰਗ ਤੇ ਇਕ-ਦੂਜੇ ਵਿਰੁੱਧ ਰਿਕਾਰਡ ਨੂੰ ਦੇਖੋ ਤਾਂ ਮੌਜੂਦਾ ਵਿਸ਼ਵ ਚੈਂਪੀਅਨ ਤੇ ਚਾਰ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਜਰਮਨੀ ਤੇ ਭਾਰਤ ਵਿਚ ਜ਼ਿਆਦਾ ਫਰਕ ਨਹੀਂ ਹੈ। ਜਰਮਨੀ ਵਿਸ਼ਵ ਰੈਂਕਿੰਗ ਵਿਚ ਚੌਥੇ ਤੇ ਭਾਰਤ 5ਵੇਂ ਸਥਾਨ ’ਤੇ ਹੈ। ਕੁਆਰਟਰ ਫਾਈਨਲ ਵਿਚ ਅਰਜਨਟੀਨਾ ਨੂੰ ਹਰਾਉਣ ਵਾਲੀ ਜਰਮਨੀ ਦਾ ਸਾਹਮਣਾ ਭਾਰਤ ਨਾਲ ਟੋਕੀਓ ਓਲੰਪਿਕ ਦੇ ਕਾਂਸੀ ਤਮਗੇ ਦੇ ਮੈਚ ਵਿਚ ਹੋਇਆ ਸੀ, ਜਿਸ ਵਿਚ ਭਾਰਤ ਨੇ 5-4 ਨਾਲ ਜਿੱਤ ਦਰਜ ਕੀਤੀ ਸੀ।

ਸ਼੍ਰੀਜੇਸ਼ ਨੇ ਆਖਰੀ ਸੈਕੰਡ ਵਿਚ ਪੈਨਲਟੀ ਕਾਰਨਰ ਬਚਾਇਆ ਸੀ। ਓਲੰਪਿਕ ਤੋਂ ਪਹਿਲਾਂ ਭਾਰਤ ਨੇ ਜਰਮਨੀ ਨਾਲ ਅਭਿਆਸ ਮੈਚ ਖੇਡੇ ਸਨ ਤੇ 6 ਵਿਚੋਂ 5 ਜਿੱਤੇ । ਇਸ ਸਾਲ ਜੂਨ ਵਿਚ ਐੱਫ. ਆਈ. ਐੱਚ. ਪ੍ਰੋ ਲੀਗ ਦੇ ਲੰਡਨ ਗੇੜ ਵਿਚ ਭਾਰਤ ਨੇ ਜਰਮਨੀ ਨੂੰ 3-0 ਨਾਲ ਹਰਾਇਆ ਪਰ ਰਿਟਰਨ ਮੈਚ ਵਿਚ 2-3 ਨਾਲ ਹਾਰ ਗਿਆ। ਦੂਜੇ ਸੈਮੀਫਾਈਨਲ ਵਿਚ ਨੀਦਰਲੈਂਡ ਦਾ ਸਾਹਮਣਾ ਸਪੇਨ ਨਾਲ ਹੋਵੇਗਾ। ਭਾਰਤ ਦਾ ਮੈਚ ਰਾਤ 10:30 ਵਜੇ ਖੇਡਿਆ ਜਾਵੇਗਾ।

ਅਮਿਤ ਰੋਹਿਦਾਸ ’ਤੇ ਇਕ ਮੈਚ ਦੀ ਪਾਬੰਦੀ, ਸੈਮੀਫਾਈਨਲ ਮੈਚ ’ਚੋਂ ਬਾਹਰ, ਹਾਕੀ ਇੰਡੀਆ ਦੀ ਅਪੀਲ ਰੱਦ

ਭਾਰਤੀ ਹਾਕੀ ਟੀਮ ਦਾ ਪ੍ਰਮੁੱਖ ਡਿਫੈਂਡਰ ਅਮਿਤ ਰੋਹਿਦਾਸ ਜਰਮਨੀ ਵਿਰੁੱਧ ਹੋਣ ਵਾਲੇ ਸੈਮੀਫਾਈਨਲ ਮੈਚ ਵਿਚ ਨਹੀਂ ਖੇਡ ਸਕੇਗਾ ਕਿਉਂਕਿ ਉਸ ’ਤੇ ਲਗਾਈ ਗਈ ਇਕ ਮੈਚ ਦੀ ਪਾਬੰਦੀ ਵਿਰੁੱਧ ਕੀਤੀ ਗਈ ਹਾਕੀ ਇੰਡੀਆ ਦੀ ਅਪੀਲ ਨੂੰ ਇਸ ਖੇਡ ਦੀ ਵਿਸ਼ਵ ਸੰਸਥਾ ਐੱਫ. ਆਈ. ਐੱਚ. ਨੇ ਰੱਦ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇਸ ਮਹੱਤਵਪੂਰਨ ਮੈਚ ਲਈ ਭਾਰਤ ਦੇ ਸਿਰਫ 15 ਖਿਡਾਰੀ ਹੀ ਉਪਲੱਬਧ ਰਹਿਣਗੇ।


author

Tarsem Singh

Content Editor

Related News