ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਪਾਠਕ ਗੋਲਕੀਪਰ

Thursday, Aug 29, 2024 - 12:07 PM (IST)

ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਪਾਠਕ ਗੋਲਕੀਪਰ

ਨਵੀਂ ਦਿੱਲੀ–ਪੀ. ਆਰ. ਸ਼੍ਰੀਜੇਸ਼ ਦੇ ਸੰਨਿਆਸ ਤੋਂ ਬਾਅਦ ਆਗਾਮੀ ਏਸ਼ੀਆਈ ਚੈਂਪੀਅਨਸ ਟਰਾਫੀ ਲਈ ਕ੍ਰਿਸ਼ਨ ਬਹਾਦੁਰ ਪਾਠਕ ਨੂੰ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ 18 ਮੈਂਬਰੀ ਭਾਰਤੀ ਹਾਕੀ ਟੀਮ ਦਾ ਮੁੱਖ ਗੋਲਕੀਪਰ ਬਣਾਇਆ ਗਿਆ ਹੈ। ਭਾਰਤ ਤੋਂ ਇਲਾਵਾ ਟੂਰਨਾਮੈਂਟ ਵਿਚ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਤੇ ਮੇਜ਼ਬਾਨ ਚੀਨ ਹਿੱਸਾ ਲੈਣਗੇ। ਇਹ ਟੂਰਨਾਮੈਂਟ 8 ਤੋਂ 17 ਸਤੰਬਰ ਤੱਕ ਖੇਡਿਆ ਜਾਵੇਗਾ।
ਸ਼੍ਰੀਜੇਸ਼ ਨੇ ਪੈਰਿਸ ਓਲੰਪਿਕ ਵਿਚ ਲਗਾਤਾਰ ਦੂਜਾ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਹਾਕੀ ਨੂੰ ਅਲਵਿਦਾ ਕਹਿ ਦਿੱਤਾ ਸੀ। ਪੈਰਿਸ ਓਲੰਪਿਕ ਵਿਚ ਭਾਰਤ ਦਾ ਸਟੈਂਡਬਾਏ ਗੋਲਕੀਪਰ ਰਿਹਾ ਪਾਠਕ ਹੁਣ ਮੁੱਖ ਗੋਲਕੀਪਰ ਹੋਵੇਗਾ ਜਦਕਿ ਸੂਰਜ ਕਰਕੇਰਾ ਰਿਜ਼ਰਵ ਗੋਲਕੀਪਰ ਰਹੇਗਾ। ਤਜਰਬੇਕਾਰ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਨਿਯਮਤ ਉਪ ਕਪਤਾਨ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਤੇ ਗੁਰਜੰਟ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ। ਭਾਰਤ ਦੇ ਉੱਭਰਦੇ ਡ੍ਰੈਗ ਫਲਿੱਕਰ ਜੁਗਰਾਜ ਸਿੰਘ ਜੂਨੀਅਰ ਲਈ ਵੀ ਇਹ ਸੁਨਹਿਰੀ ਮੌਕਾ ਹੋਵੇਗਾ। ਉਹ ਪ੍ਰੋ ਲੀਗ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਅਰਾਈਜੀਤ ਸਿੰਘ ਹੁੰਦਲ ਟੀਮ ਵਿਚ ਤੀਜਾ ਡ੍ਰੈਗ ਫਲਿੱਕਰ ਹੋਵੇਗਾ। ਡਿਫੈਂਸ ਦੀ ਜ਼ਿੰਮੇਵਾਰੀ ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੇ ਤੇ ਸੁਮਿਤ ’ਤੇ ਹੋਵੇਗੀ। ਉੱਥੇ ਹੀ, ਮਿਡਫੀਲਡ ਵਿਚ ਰਾਜਕੁਮਾਰ ਪਾਲ, ਨੀਲਾਕਾਂਤ ਸ਼ਰਮਾ, ਮਨਪ੍ਰੀਤ ਸਿੰਘ ਤੇ ਮੁਹੰਮਦ ਰਾਹੀਲ ਹੋਣਗੇ। ਫਾਰਵਰਡ ਲਾਈਨ ਵਿਚ ਅਭਿਸ਼ੇਕ, ਸੁਖਜੀਤ ਸਿੰਘ ਹੁੰਦਲ, ਜੂਨੀਅਰ ਟੀਮ ਦਾ ਕਪਤਾਨ ਉੱਤਮ ਸਿੰਘ ਤੇ ਗੁਰਜੋਤ ਸਿੰਘ ਰਹਿਣਗੇ। ਪੈਰਿਸ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਟੀਮ ਦੇ 10 ਮੈਂਬਰ ਇਸ ਟੀਮ ਵਿਚ ਹਨ।
ਕੋਚ ਕ੍ਰੇਗ ਫੁਲਟੋਨ ਨੇ ਹਾਕੀ ਇੰਡੀਆ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ,‘‘ਸਾਡੇ ਲਈ ਇਹ ਮਹੱਤਵਪੂਰਨ ਟੂਰਨਾਮੈਂਟ ਹੈ। ਟੀਮ ਪੈਰਿਸ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦਾ ਜਸ਼ਨ ਮਨਾਉਣ ਤੋਂ ਬਾਅਦ ਕੈਂਪ ਵਿਚ ਪਰਤ ਆਈ ਹੈ।’’ ਉਸ ਨੇ ਕਿਹਾ,‘‘ਪਿਛਲੇ ਕੁਝ ਹਫਤੇ ਸ਼ਾਨਦਾਰ ਰਹੇ ਜਦੋਂ ਟੀਮ ਨੂੰ ਬੇਸ਼ੁਮਾਰ ਪਿਆਰ ਮਿਲਿਆ। ਸਾਨੂੰ ਉਮੀਦ ਹੈ ਕਿ ਇਹ ਸਮਰਥਨ ਅੱਗੇ ਵੀ ਜਾਰੀ ਰਹੇਗਾ। ਏਸ਼ੀਆਈ ਚੈਂਪੀਅਨਸ ਟਰਾਫੀ ਰਾਹੀਂ ਨਵਾਂ ਓਲੰਪਿਕ ਪੜਾਅ ਸ਼ੁਰੂ ਹੋ ਰਿਹਾ ਹੈ ਤੇ ਅਸੀਂ ਚੁਣੌਤੀ ਲਈ ਤਿਆਰ ਹਾਂ।’’ ਭਾਰਤੀ ਟੀਮ 8 ਸਤੰਬਰ ਨੂੰ ਚੀਨ ਵਿਰੁੱਧ ਪਹਿਲਾ ਮੈਚ ਖੇਡੇਗੀ। ਇਸ ਤੋਂ ਬਾਅਦ ਜਾਪਾਨ (9 ਸਤੰਬਰ), ਮਲੇਸ਼ੀਆ (11 ਸਤੰਬਰ), ਕੋਰੀਆ (12 ਸਤੰਬਰ) ਤੇ ਪਾਕਿਸਤਾਨ (14 ਸਤੰਬਰ) ਨਾਲ ਖੇਡਣਾ ਹੈ। ਸੈਮੀਫਾਈਨਲ 16 ਸਤੰਬਰ ਨੂੰ ਤੇ ਫਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ।


author

Aarti dhillon

Content Editor

Related News