ਭਾਰਤੀ ਕੰਪਾਊਂਡ ਤੀਰਅੰਦਾਜ਼ ਵਿਸ਼ਵ ਕੱਪ ’ਚੋਂ ਬਾਹਰ

Saturday, Jun 07, 2025 - 12:41 PM (IST)

ਭਾਰਤੀ ਕੰਪਾਊਂਡ ਤੀਰਅੰਦਾਜ਼ ਵਿਸ਼ਵ ਕੱਪ ’ਚੋਂ ਬਾਹਰ

ਅੰਤਾਲਯਾ (ਤੁਰਕੀ)– ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਸ਼ੁੱਕਰਵਾਰ ਨੂੰ ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਕੋਈ ਵੀ ਖਿਡਾਰੀ ਨਿੱਜੀ ਵਰਗ ਵਿਚ ਤਮਗਾ ਦੌਰ ਤੱਕ ਨਹੀਂ ਪਹੁੰਚ ਸਕਿਆ। ਸ਼ੰਘਾਈ ਵਿਚ ਪਿਛਲੇ ਪੜਾਅ ਵਿਚ 2 ਸੋਨ, 1 ਚਾਂਦੀ ਤੇ 4 ਕਾਂਸੀ ਤਮਗਿਆਂ ਨਾਲ ਦੱਖਣੀ ਕੋਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹਿਣ ਵਾਲਾ ਭਾਰਤ ਇੱਥੇ ਅਜੇ ਤੱਕ ਤਮਗਿਆਂ ਦਾ ਖਾਤਾ ਨਹੀਂ ਖੋਲ੍ਹ ਸਕਿਆ ਹੈ।

ਚੌਥਾ ਦਰਜਾ ਪ੍ਰਾਪਤ ਤੇ ਪਿਛਲੇ ਵਿਸ਼ਵ ਕੱਪ ਦੇ ਜੇਤੂ ਮਧੁਰਾ ਧਾਮਨਗਾਂਵਕਰ ਨੂੰ ਕੁਆਰਟਰ ਫਾਈਨਲ ਵਿਚ ਮੈਕਸੀਕੋ ਦੀ ਪੰਜਵਾਂ ਦਰਜਾ ਪ੍ਰਾਪਤ ਮਾਰਿਆਨਾ ਬਰਨਲ ਨੇ ਹਰਾਇਆ। ਮਧੁਰਾ ਨੂੰ ਮਹਿਲਾ ਵਿਅਕਤੀਗਤ ਵਰਗ ਵਿਚ 152-159 ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਚੈਂਪੀਅਨ ਅਦਿੱਤੀ ਸਵਾਮੀ ਵੀ ਆਖਰੀ-8 ਪੜਾਅ ਵਿਚ ਮੈਕਸੀਕੋ ਦੀ ਦੂਜਾ ਦਰਜਾ ਪ੍ਰਾਪਤ ਐਂਡ੍ਰਿਆ ਬੇਸੇਰਾ ਹੱਥੋਂ 147-152 ਨਾਲ ਹਾਰ ਕੇ ਬਾਹਰ ਹੋ ਗਈ। 

ਪੁਰਸ਼ ਵਰਗ ਵਿਚ 13ਵਾਂ ਦਰਜਾ ਪ੍ਰਾਪਤ ਰਿਸ਼ਭ ਯਾਦਵ ਕੁਆਰਟਰ ਫਾਈਨਲ ਵਿਚ ਫਰਾਂਸ ਦੇ 28 ਸਾਲਾ ਦਰਜਾ ਪ੍ਰਾਪਤ ਨਿਕੋਲਸ ਗਿਰਾਰਡ ਹੱਥੋਂ 149-157 ਹੱਥੋਂ ਹਾਰ ਗਿਆ। ਯਾਦਵ ਨੇ ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿਚ ਆਪਣੇ ਸੀਨੀਅਰ ਸਾਥੀ ਅਭਿਸ਼ੇਕ ਵਰਮਾ ਨੂੰ 157-154 ਨਾਲ ਹਰਾਇਆ ਸੀ। ਵਿਸ਼ਵ ਚੈਂਪੀਅਨ ਓਜਸ ਦੇਵਤਾਲੇ ਨੂੰ ਪਹਿਲੇ ਹੀ ਦੌਰ ਵਿਚ ਅਮਰੀਕਾ ਦੇ ਜੇਮਸ ਲੁਟਜ਼ ਹੱਥੋਂ 157-161 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਰਿਕਰਵ ਤੇ ਕੰਪਾਊਂਡ ਦੋਵਾਂ ਵਰਗਾਂ ਦੀਆਂ ਟੀਮ ਪ੍ਰਤੀਯੋਗਿਤਾਵਾਂ ਵਿਚੋਂ ਵੀ ਬਾਹਰ ਹੋ ਗਿਆ ਸੀ।


author

Tarsem Singh

Content Editor

Related News