ਪੈਰਿਸ ਓਲੰਪਿਕ 2024 : ਹਾਕੀ ''ਚ ਭਾਰਤ ਨੇ ਰਚਿਆ ਇਤਿਹਾਸ, 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ
Friday, Aug 02, 2024 - 08:36 PM (IST)
ਪੈਰਿਸ- ਪੈਰਿਸ ਓਲੰਪਿਕ ਦੇ ਆਖ਼ਰੀ ਪੂਲ ਮੈਚ 'ਚ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਇਆ। ਕੁਆਰਟਰ ਫਾਈਨਲ ਤੋਂ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ। ਇਸੇ ਦੇ ਨਾਲ ਭਾਰਤ ਨੇ ਕੁਆਰਟਰ ਫਾਈਨਲ ਤੋਂ ਪਹਿਲਾਂ ਜਿੱਤ ਦੀ ਪਟੜੀ 'ਤੇ ਵਾਪਸੀ ਕਰ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ 52 ਸਾਲਾਂ ਬਾਅਦ ਓਲੰਪਿਕ ਦੇ ਇਤਿਹਾਸ 'ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ 1972 'ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਕੀਤੀ ਸੀ।
ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤੀ ਮਾਤ
ਸ਼ੁੱਕਰਵਾਰ ਨੂੰ ਖੇਡੇ ਗਏ ਮੈਚ 'ਚ ਅਭਿਸ਼ੇਕ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ 'ਚ ਗੋਲ ਕੀਤਾ ਅਤੇ ਭਾਰਤ ਨੇ 1-0 ਦੀ ਬੜ੍ਹਤ ਬਣਾ ਲਈ। ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਨਾਲ ਭਾਰਤ 2-0 ਨਾਲ ਅੱਗੇ ਹੋ ਗਿਆ। ਆਸਟ੍ਰੇਲੀਆ ਦਾ ਖਾਤਾ ਦੂਜੇ ਕੁਆਰਟਰ ਵਿਚ ਖੁੱਲ੍ਹਿਆ। ਕ੍ਰੇਗ ਥਾਮਸ ਨੇ 25ਵੇਂ ਮਿੰਟ ਵਿਚ ਗੋਲ ਕੀਤਾ ਅਤੇ ਟੀਮ ਦਾ ਸਕੋਰ 2-1 ਹੋ ਗਿਆ। 26ਵੇਂ ਮਿੰਟ ਵਿਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਹਰਮਨਪ੍ਰੀਤ ਸਿੰਘ ਨੇ ਬਚਾ ਲਿਆ। ਅੱਧੇ ਸਮੇਂ ਤੱਕ ਭਾਰਤ 2-1 ਨਾਲ ਅੱਗੇ ਸੀ।
ਤੀਜੇ ਕੁਆਰਟਰ ਵਿਚ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ਵਿਚ ਪੈਨਲਟੀ ਸਟਰੋਕ ’ਤੇ ਗੋਲ ਕੀਤਾ। ਇਸ ਨਾਲ ਭਾਰਤ 3-1 ਨਾਲ ਅੱਗੇ ਹੋ ਗਿਆ। ਤਿੰਨ ਕੁਆਰਟਰਾਂ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਤੇ 3-1 ਦੀ ਬੜ੍ਹਤ ਬਣਾਈ। ਚੌਥੇ ਕੁਆਰਟਰ ਵਿਚ ਬਲੇਕ ਗੋਵਰਸ ਨੇ 55ਵੇਂ ਮਿੰਟ ਵਿਚ ਆਸਟ੍ਰੇਲੀਆ ਲਈ ਗੋਲ ਕਰਕੇ ਆਸਟਰੇਲੀਆ ਨੂੰ 3-2 ਦੀ ਬੜ੍ਹਤ ਦਿਵਾਈ। ਇਸ ਨਾਲ ਭਾਰਤ ਨੇ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ।