ਪੈਰਿਸ ਓਲੰਪਿਕ : ਹਾਕੀ 'ਚ ਭਾਰਤ ਦੀ ਇਤਿਹਾਸਕ ਜਿੱਤ, ਸਪੇਨ ਨੂੰ 2-1 ਨਾਲ ਹਰਾ ਕੇ ਜਿੱਤਿਆ ਕਾਂਸੀ ਤਮਗਾ
Thursday, Aug 08, 2024 - 07:39 PM (IST)
ਸਪੋਰਟਸ ਡੈਸਕ- ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿਚ ਸਪੇਨ ਨੂੰ 2-1 ਨਾਲ ਹਰਾਇਆ। ਹਾਕੀ ਵਿਚ ਭਾਰਤ ਦਾ ਇਹ ਚੌਥਾ ਕਾਂਸੀ ਦਾ ਤਗ਼ਮਾ ਹੈ। ਇਸ ਤੋਂ ਇਲਾਵਾ ਦੇਸ਼ ਨੇ ਓਲੰਪਿਕ ਇਤਿਹਾਸ ਵਿਚ ਸਭ ਤੋਂ ਵੱਧ 8 ਸੋਨ ਅਤੇ 1 ਚਾਂਦੀ ਦਾ ਤਮਗਾ ਵੀ ਜਿੱਤਿਆ ਹੈ। ਭਾਰਤ ਨੇ ਪਿਛਲੇ ਯਾਨੀ ਟੋਕੀਓ ਓਲੰਪਿਕ ਵਿਚ ਵੀ ਕਾਂਸੀ ਤਗ਼ਮਾ ਜਿੱਤਿਆ ਸੀ। ਇਸ ਨਾਲ ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਓਲੰਪਿਕ 'ਚ ਇਤਿਹਾਸ ਰਚ ਦਿੱਤਾ ਹੈ।
ਦਰਅਸਲ, ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਓਲੰਪਿਕ ਵਿਚ ਲਗਾਤਾਰ 2 ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ 1960 ਤੋਂ 1972 ਤੱਕ ਭਾਰਤ ਨੇ ਹਾਕੀ ਵਿਚ ਲਗਾਤਾਰ 4 ਤਮਗੇ ਜਿੱਤੇ ਸਨ। 1976 ਦੀਆਂ ਓਲੰਪਿਕ ਖੇਡਾਂ ਵਿਚ ਦੇਸ਼ ਨੂੰ ਕੋਈ ਤਮਗਾ ਨਹੀਂ ਮਿਲਿਆ ਸੀ। ਇਸ ਤੋਂ ਬਾਅਦ 1980 'ਚ ਸੋਨ ਤਮਗਾ ਜਿੱਤਿਆ।
ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਜਰਮਨੀ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਭਾਰਤੀ ਟੀਮ ਇਸ ਵਾਰ ਵੀ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਈ।