ਕੁੜੀਆਂ ਨੇ ਫਿਰ ਰੋਸ਼ਨ ਕੀਤਾ ਦੇਸ਼ ਦਾ ਨਾਂ, ਤੀਜੀ ਵਾਰ ਜਿੱਤੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ

Wednesday, Nov 20, 2024 - 09:37 PM (IST)

ਕੁੜੀਆਂ ਨੇ ਫਿਰ ਰੋਸ਼ਨ ਕੀਤਾ ਦੇਸ਼ ਦਾ ਨਾਂ, ਤੀਜੀ ਵਾਰ ਜਿੱਤੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ ਹੈ। ਇਹ ਖ਼ਿਤਾਬੀ ਮੈਚ ਬੁੱਧਵਾਰ (20 ਨਵੰਬਰ) ਨੂੰ ਬਿਹਾਰ ਦੇ ਰਾਜਗੀਰ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤੀ ਟੀਮ ਦਾ ਸਾਹਮਣਾ ਚੀਨ ਨਾਲ ਹੋਇਆ।

ਇਸ ਮੈਚ 'ਚ ਭਾਰਤੀ ਟੀਮ ਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਚੀਨ ਨੂੰ 1-0 ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ ਨੇ ਤੀਜੀ ਵਾਰ ਇਹ ਖਿਤਾਬ ਜਿੱਤਿਆ ਹੈ। ਟੀਮ ਲਈ ਇਕਮਾਤਰ ਗੋਲ ਦੀਪਿਕਾ ਨੇ 31ਵੇਂ ਮਿੰਟ 'ਚ ਕੀਤਾ। ਇਹ ਟੂਰਨਾਮੈਂਟ ਦਾ ਉਸ ਦਾ 11ਵਾਂ ਗੋਲ ਸੀ। ਇਸ ਤੋਂ ਇਲਾਵਾ ਚੀਨ ਨੇ ਕਈ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ।

ਇਸ ਵਾਰ ਟੂਰਨਾਮੈਂਟ 'ਚ ਕੋਈ ਮੈਚ ਨਹੀਂ ਹਾਰਿਆ ਭਾਰਤ

ਪਿਛਲਾ ਖਿਤਾਬ ਵੀ ਭਾਰਤੀ ਟੀਮ ਨੇ ਹੀ ਜਿੱਤਿਆ ਸੀ। ਅਜਿਹੇ 'ਚ ਟੀਮ ਦਾ ਇਹ ਲਗਾਤਾਰ ਦੂਜਾ ਖਿਤਾਬ ਹੈ। ਮੇਜ਼ਬਾਨ ਭਾਰਤੀ ਟੀਮ ਇਸ ਵਾਰ ਟੂਰਨਾਮੈਂਟ ਵਿੱਚ ਅਜੇਤੂ ਰਹੀ ਹੈ। ਇਹ ਇਕਲੌਤੀ ਟੀਮ ਹੈ ਜੋ ਹੁਣ ਤੱਕ ਇਕ ਵੀ ਮੈਚ ਨਹੀਂ ਹਾਰੀ। ਭਾਰਤ ਨੇ ਗਰੁੱਪ ਗੇੜ ਵਿੱਚ ਵੀ ਆਪਣੇ ਸਾਰੇ ਮੈਚ ਜਿੱਤੇ ਹਨ।

ਭਾਰਤੀ ਟੀਮ ਨੇ ਮੰਗਲਵਾਰ ਨੂੰ ਸੈਮੀਫਾਈਨਲ 'ਚ ਜਾਪਾਨ ਨੂੰ 2-0 ਨਾਲ ਹਰਾਇਆ ਸੀ। ਦੂਜੇ ਪਾਸੇ ਚੀਨ ਦਾ ਵੀ ਟੂਰਨਾਮੈਂਟ ਵਿੱਚ ਚੰਗਾ ਰਿਕਾਰਡ ਰਿਹਾ ਹੈ। ਇਸ ਨੂੰ ਗਰੁੱਪ ਗੇੜ ਵਿੱਚ ਹੀ ਭਾਰਤੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੀਨ ਨੇ ਆਪਣੇ 5 ਪੂਲ ਮੈਚਾਂ ਵਿੱਚੋਂ 4 ਜਿੱਤੇ ਹਨ। ਇਸ ਨੇ ਸੈਮੀਫਾਈਨਲ 'ਚ ਮਲੇਸ਼ੀਆ ਨੂੰ 3-1 ਨਾਲ ਹਰਾਇਆ ਸੀ।


ਇਸ ਤਰ੍ਹਾਂ ਭਾਰਤੀ ਟੀਮ ਨੇ ਮੌਜੂਦਾ ਟੂਰਨਾਮੈਂਟ ਵਿੱਚ ਚੀਨ ਨੂੰ ਦੂਜੀ ਵਾਰ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਦੂਜੇ ਪਾਸੇ ਭਾਰਤੀ ਟੀਮ ਨੇ ਮੁੱਖ ਕੋਚ ਵਜੋਂ ਹਰਿੰਦਰ ਸਿੰਘ ਦੀ ਅਗਵਾਈ ਹੇਠ ਪਹਿਲਾ ਖਿਤਾਬ ਜਿੱਤਿਆ।


author

Rakesh

Content Editor

Related News