ਆਖਰੀ ਕੁਆਰਟਰ ’ਚ ਦੋ ਗੋਲ ਗੁਆਉਣ ਦੇ ਬਾਵਜੂਦ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ
Tuesday, Jun 23, 2026 - 11:02 PM (IST)
ਲੰਡਨ (ਏਜੰਸੀ)-ਇਕ ਗੋਲ ਨਾਲ ਪਿੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਕੱਟੜ ਵਿਰੋਧੀ ਪਾਕਿਸਤਾਨ ’ਤੇ 4-3 ਨਾਲ ਜਿੱਤ ਦਰਜ ਕਰਕੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਲੰਡਨ ਪੜਾਅ ਦਾ ਆਗਾਜ਼ ਕੀਤਾ ਹਾਲਾਂਕਿ ਆਖਰੀ ਕੁਆਰਟਰ ’ਚ ਦੋ ਗੋਲ ਨਾ ਗੁਆਏ ਹੁੰਦੇ ਤਾਂ ਜਿੱਤ ਦਾ ਫਰਕ ਬਿਹਤਰ ਹੁੰਦਾ।
ਪ੍ਰੋ ਲੀਗ ਦੀ ਅੰਕ ਸੂਚੀ ’ਚ ਆਖਰੀ ਸਥਾਨ ’ਤੇ ਕਾਬਜ਼ ਪਾਕਿਸਤਾਨ ਨੇ 8ਵੇਂ ਮਿੰਟ ’ਚ ਹੀ ਨਦੀਮ ਅਹਿਮਦ ਦੇ ਗੋਲ ਦੇ ਦਮ ’ਤੇ ਬੜ੍ਹਤ ਬਣਾ ਲਈ। ਭਾਰਤ ਲਈ ਦੂਜੇ ਕੁਆਰਟਰ ’ਚ 22ਵੇਂ ਮਿੰਟ ’ਚ ਅਭਿਸ਼ੇਕ ਨੇ ਬਰਾਬਰੀ ਦਾ ਗੋਲ ਕੀਤਾ ਅਤੇ 24ਵੇਂ ਮਿੰਟ ’ਚ ਨੀਲਾਕਾਂਤਾ ਸ਼ਰਮਾ ਨੇ ਗੋਲ ਕਰਕੇ ਬੜ੍ਹਤ ਦਿਵਾਈ। ਹਾਫ ਟਾਈਮ ਤੱਕ ਭਾਰਤ 2-1 ਨਾਲ ਅੱਗੇ ਸੀ।
ਤੀਜੇ ਕੁਆਰਟਰ ’ਚ ਸੁਖਜੀਤ ਸਿੰਘ ਨੇ 40ਵੇਂ ਮਿੰਟ ’ਚ ਗੋਲ ਕਰਕੇ ਬੜ੍ਹਤ 3-1 ਦੀ ਕਰ ਦਿੱਤੀ। ਚੌਥੇ ਕੁਆਰਟਰ ’ਚ 52ਵੇਂ ਮਿੰਟ ’ਚ ਰਾਜਿੰਦਰ ਸਿੰਘ ਨੇ ਭਾਰਤ ਲਈ ਚੌਥਾ ਗੋਲ ਕੀਤਾ ਤਾਂ ਵੱਡੇ ਫਰਕ ਨਾਲ ਜਿੱਤ ਤੈਅ ਲੱਗ ਰਹੀ ਸੀ ਪਰ ਆਖਰੀ ਪਲਾਂ ’ਚ ਗੋਲ ਗੁਆਉਣ ਅਤੇ ਡਿਫੈਂਸ ਦੇ ਡਗਮਗਾਉਣ ਦੀ ਕਮਜ਼ੋਰੀ ਫਿਰ ਉਜਾਗਰ ਹੋਈ ਅਤੇ ਪਾਕਿਸਤਾਨ ਲਈ ਮਹਿਮੂਦ ਅਬੂ (53ਵੇਂ ਮਿੰਟ) ਅਤੇ ਸ਼ਕੀਲ ਮੋਈਨ (60ਵੇਂ ਮਿੰਟ) ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਭਾਰਤ ਦੀ ਜਿੱਤ ਦਾ ਫਰਕ ਘੱਟ ਕਰ ਦਿੱਤਾ।
ਭਾਰਤ ਤੇ ਪਾਕਿਸਤਾਨ 2024 ’ਚ ਚੀਨ ਦੇ ਹੁਲੁਨਬੁਇਰ ’ਚ ਹੋਏ ਏਸ਼ੀਆਈ ਚੈਂਪੀਅਨਜ਼ ਟਰਾਫੀ ਮੁਕਾਬਲੇ ਤੋਂ ਬਾਅਦ ਪਹਿਲੀ ਵਾਰ ਇਕ-ਦੂਜੇ ਦੇ ਸਾਹਮਣੇ ਸਨ ਅਤੇ ਭਾਰਤ ਨੇ ਜਿੱਤ ਦਾ ਸਿਲਸਿਲਾ ਕਾਇਮ ਰੱਖਿਆ। ਕੋਚ ਕ੍ਰੇਗ ਫੁਲਟਨ ਨੂੰ ਹਾਲਾਂਕਿ ਆਖਰੀ ਮਿੰਟਾਂ ’ਚ ਗੋਲ ਗੁਆਉਣ ਦੀ ਕਮਜ਼ੋਰੀ ਤੋਂ ਪਾਰ ਪਾਉਣ ਲਈ ਮਿਹਨਤ ਕਰਨੀ ਪਵੇਗੀ ਕਿਉਂਕਿ ਭਾਰਤ ਨੇ ਇਸ ਸਾਲ ਵਿਸ਼ਵ ਕੱਪ ਅਤੇ ਏਸ਼ੀਆਈ ਖੇਡਾਂ ਵਰਗੇ ਵੱਡੇ ਟੂਰਨਾਮੈਂਟ ਖੇਡਣੇ ਹਨ। ਨੀਦਰਲੈਂਡ ਅਤੇ ਬੈਲਜੀਅਮ ’ਚ ਅਗਸਤ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਪਾਕਿਸਤਾਨ ਭਾਰਤ ਦੇ ਹੀ ਪੂਲ ’ਚ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਰੋਟਰਡਮ ਪੜਾਅ ’ਚ 4 ’ਚੋਂ 2 ਮੈਚ ਜਿੱਤੇ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਨੇ ਰੋਟਰਡਮ ਪੜਾਅ ਦੇ ਆਖਰੀ ਮੈਚ ’ਚ ਮੇਜ਼ਬਾਨ ਅਤੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਨੀਦਰਲੈਂਡ ਨੂੰ 3-2 ਨਾਲ ਹਰਾਇਆ। ਭਾਰਤ ਨੂੰ ਦੂਜੀ ਜਿੱਤ (3-1) ਮੌਜੂਦਾ ਵਿਸ਼ਵ ਚੈਂਪੀਅਨ ਅਤੇ ਦੁਨੀਆ ਦੀ 5ਵੇਂ ਨੰਬਰ ਦੀ ਟੀਮ ਜਰਮਨੀ ਖਿਲਾਫ ਮਿਲੀ। ਹੋਰ ਦੋ ਮੈਚਾਂ ’ਚ ਭਾਰਤ ਨੂੰ ਨੀਦਰਲੈਂਡ ਖਿਲਾਫ 2-3 ਜਦਕਿ ਜਰਮਨੀ ਖਿਲਾਫ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
