ਸੰਜੂ-ਤਿਲਕ ਤੋਂ ਬਾਅਦ ਗੇਂਦਬਾਜ਼ਾਂ ਦਾ ਕਹਿਰ ; SA ਨੂੰ 135 ਦੌੜਾਂ ਨਾਲ ਹਰਾ ਕੇ ਭਾਰਤ ਨੇ ਲੜੀ ''ਤੇ ਕੀਤਾ ਕਬਜ਼ਾ

Saturday, Nov 16, 2024 - 12:42 AM (IST)

ਸਪੋਰਟਸ ਡੈਸਕ- ਜੋਹਾਨਸਬਰਗ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਟੀ-20 ਲੜੀ ਦੇ ਚੌਥੇ ਤੇ ਆਖ਼ਰੀ ਮੁਕਾਬਲੇ 'ਚ ਭਾਰਤ ਨੇ ਇਕਤਰਫ਼ਾ ਅੰਦਾਜ਼ 'ਚ ਦੱਖਣੀ ਅਫਰੀਕਾ ਨੂੰ 135 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ 4 ਮੈਚਾਂ ਦੀ ਲੜੀ 3-1 ਨਾਲ ਆਪਣੇ ਨਾਂ ਕਰ ਲਈ ਹੈ। 

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 1 ਵਿਕਟ ਗੁਆ ਕੇ ਸੰਜੂ ਸੈਮਸਨ (109*) ਤੇ ਤਿਲਕ ਵਰਮਾ (120*) ਦੇ ਤੂਫ਼ਾਨੀ ਸੈਂਕੜਿਆਂ ਦੀ ਬਦੌਲਤ 283 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। 

ਇਸ ਪਹਾੜ ਵਰਗੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਟੀਮ ਨੇ 10 ਦੌੜਾਂ ਬਣਾਉਣ ਤੱਕ 3 ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਟ੍ਰਿਸਟਨ ਸਟੱਬਸ ਤੇ ਡੇਵਿਡ ਮਿਲਰ ਨੇ ਪਾਰੀ ਸੰਭਾਲੀ ਤੇ ਟੀਮ ਨੂੰ ਢਹਿ-ਢੇਰੀ ਹੋਣ ਤੋਂਂ ਬਚਾ ਲਿਆ। 

ਡੇਵਿਡ ਮਿਲਰ 27 ਗੇਂਦਾਂ 'ਚ 36 ਦੌੜਾਂ ਬਣਾ ਕੇ ਵਰੁਣ ਚਕਰਵਰਤੀ ਦਾ ਸ਼ਿਕਾਰ ਬਣਿਆ, ਜਦਕਿ ਟ੍ਰਿਸਟਨ ਸਟੱਬਸ ਨੂੰ ਰਵੀ ਬਿਸ਼ਨੋਈ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਇਨ੍ਹਾਂ ਤੋਂ ਬਾਅਦ ਸਿਰਫ਼ ਮਾਰਕੋ ਯਾਨਸਨ (29) ਤੇ ਗੇਰਾਲਡ ਕੋਇਟਜ਼ੀ (12) ਹੀ ਕੁਝ ਕਰ ਸਕੇ। ਬਾਕੀ ਦੇ ਬੱਲ਼ੇਬਾਜ਼ ਤਾਂ ਦੋਹਰੇ ਅੰਕੜੇ ਤੱਕ ਵੀ ਨਾ ਪਹੁੰਚ ਸਕੇ ਤੇ ਪੂਰੀ ਟੀਮ ਅੰਤ 18.2 ਓਵਰਾਂ 'ਚ 148 ਦੌੜਾਂ ਬਣਾ ਕੇ ਆਲ ਆਊਟ ਹੋ ਗਈ। 

ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 135 ਦੌੜਾਂ ਨਾਲ ਆਪਣੇ ਨਾਂ ਕਰ ਕੇ ਲੜੀ 'ਤੇ ਵੀ 3-1 ਨਾਲ ਕਬਜ਼ਾ ਕਰ ਲਿਆ ਹੈ। 


Harpreet SIngh

Content Editor

Related News