IND vs NZ : 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ

02/05/2020 2:46:06 AM

ਹੈਮਿਲਟਨ- ਭਾਰਤੀ ਟੀਮ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਇਤਿਹਾਸਕ ਕਾਮਯਾਬੀ ਹਾਸਲ ਕਰਨ ਤੋਂ ਬਾਅਦ 7ਵੇਂ ਆਸਮਾਨ 'ਤੇ ਹੈ ਤੇ ਉਪ-ਕਪਤਾਨ ਰੋਹਿਤ ਸ਼ਰਮਾ ਦੇ ਸੱਟ ਕਾਰਣ ਬਾਕੀ ਦੌਰੇ 'ਚੋਂ ਬਾਹਰ ਹੋ ਜਾਣ ਦੇ ਬਾਵਜੂਦ ਟੀਮ ਇੰਡੀਆ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਵੀ ਆਪਣਾ ਜੇਤੂ ਰੱਥ ਦੌੜਾਉਣ ਦੇ ਇਰਾਦੇ ਨਾਲ ਉਤਰੇਗੀ। ਰੋਹਿਤ ਸੱਟ ਕਾਰਣ ਵਨ ਡੇ ਤੇ ਟੈਸਟ ਸੀਰੀਜ਼ 'ਚੋਂ ਬਾਹਰ ਹੋ ਚੁੱਕਾ ਹੈ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਫ ਤੌਰ 'ਤੇ ਸੰਕੇਤ ਦਿੱਤੇ ਹਨ ਕਿ ਹੈਮਿਲਟਨ ਵਿਚ ਹੋਣ ਵਾਲੇ ਪਹਿਲੇ ਵਨ ਡੇ ਵਿਚ ਪ੍ਰਿਥਵੀ ਸ਼ਾਹ ਤੇ ਮਯੰਕ ਅਗਰਵਾਲ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ, ਜਦਕਿ ਟੀ-20 ਸੀਰੀਜ਼ ਦਾ 'ਮੈਨ ਆਫ ਦਿ ਸੀਰੀਜ਼' ਰਿਹਾ ਓਪਨਰ ਲੋਕੇਸ਼ ਰਾਹੁਲ ਪੰਜਵੇਂ ਨੰਬਰ 'ਤੇ ਉਤਰੇਗਾ।
ਮਯੰਕ ਨੂੰ ਜ਼ਖ਼ਮੀ ਰੋਹਿਤ ਦੀ ਜਗ੍ਹਾ ਵਨ ਡੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਮੈਚ ਰਾਹੀਂ ਉਸ ਨੂੰ ਆਪਣਾ ਵਨ ਡੇ ਡੈਬਿਊ ਕਰਨ ਦਾ ਮੌਕਾ ਮਿਲੇਗਾ। ਪ੍ਰਿਥਵੀ ਸ਼ਾਹ ਨੂੰ ਜ਼ਖ਼ਮੀ ਸ਼ਿਖਰ ਧਵਨ ਦੀ ਜਗ੍ਹਾ ਵਨ ਡੇ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਸੀ। ਇਹ ਲੰਬੇ ਸਮੇਂ ਬਾਅਦ ਪਹਿਲਾ ਮੌਕਾ ਹੋਵੇਗਾ, ਜਦੋਂ ਰੋਹਿਤ ਤੇ ਸ਼ਿਖਰ ਦੋਵੇਂ ਹੀ ਵਨ ਡੇ ਟੀਮ ਵਿਚ ਨਹੀਂ ਹੋਣਗੇ ਤੇ ਇਕ ਨਵੀਂ ਓਪਨਿੰਗ ਜੋੜੀ ਭਾਰਤ ਵਲੋਂ ਪਾਰੀ ਦੀ ਸ਼ੁਰੂਆਤ ਕਰੇਗੀ। ਭਾਰਤੀ ਸਲਾਮੀ ਜੋੜੀ ਨੂੰ ਰੋਹਿਤ ਤੇ ਸ਼ਿਖਰ  ਦੀ ਗੈਰ-ਹਾਜ਼ਰੀ ਵਿਚ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਤੇ ਵੱਡੀ ਸਾਂਝੇਦਾਰੀ ਕਰਨੀ ਪਵੇਗੀ, ਜਿਸ ਨਾਲ ਨਿਊਜ਼ੀਲੈਂਡ 'ਤੇ ਸ਼ੁਰੂਆਤ ਤੋਂ ਹੀ ਦਬਾਅ ਵਧਾਇਆ ਜਾ ਸਕੇ। ਪ੍ਰਿਥਵੀ ਤੇ ਮਯੰਕ ਨੂੰ ਬਿਹਤਰ ਖੇਡ ਦਾ ਪ੍ਰਦਰਸ਼ਨ ਕਰ ਕੇ ਵੱਡਾ ਸਕੋਰ ਬਣਾਉਣਾ ਪਵੇਗਾ, ਜਿਸ ਨਾਲ ਮੱਧਕ੍ਰਮ 'ਤੇ ਦਬਾਅ ਨਾ ਵਧੇ।
ਮੱਧਕ੍ਰਮ ਵਿਚ ਵਿਰਾਟ, ਸ਼੍ਰੇਅਸ ਅਈਅਰ ਤੇ ਲੋਕੇਸ਼ ਰਾਹੁਲ 'ਤੇ ਦਾਰੋਮਦਾਰ ਹੋਵੇਗਾ, ਜਦਕਿ ਗੇਂਦਬਾਜ਼ੀ ਦੀ ਕਮਾਨ ਫਾਰਮ ਵਿਚ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਸੰਭਾਲਣਗੇ। ਵਿਰਾਟ ਨੇ ਨਿਊਜ਼ੀਲੈਂਡ ਵਿਰੁੱਧ ਹਾਲ ਹੀ ਵਿਚ ਖਤਮ ਹੋਈ ਟੀ-20 ਸੀਰੀਜ਼ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਤੇ ਇਸ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਵੀ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਅਈਅਰ ਵੀ ਫਾਰਮ ਵਿਚ ਚੱਲ ਰਿਹਾ ਹੈ ਤੇ ਰਾਹੁਲ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਦੇ 5 ਮੈਚਾਂ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਤੇ 'ਪਲੇਅਰ ਆਫ ਦਿ ਸੀਰੀਜ਼' ਚੁਣਿਆ ਗਿਆ ਸੀ।
ਬੁਮਰਾਹ ਇਕ ਪਾਸੇ ਜਿੱਥੇ ਆਪਣੀ ਗੇਂਦਬਾਜ਼ੀ ਨਾਲ ਮਹਿਮਾਨ ਟੀਮ 'ਤੇ ਕਹਿਰ ਵਰ੍ਹਾ ਸਕਦਾ ਹੈ, ਉਥੇ ਹੀ ਦੂਜੇ ਪਾਸੇ ਸ਼ੰਮੀ ਵੀ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕਰਨ ਦੀ ਸਮਰੱਥਾ ਰੱਖਦਾ ਹੈ। ਭਾਰਤ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਨਿਊਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ 4-1 ਨਾਲ ਜਿੱਤੀ ਸੀ ਤੇ ਹੁਣ ਉਸ ਨੇ ਟੀ-20 ਵਿਚ ਕੀਵੀ ਟੀਮ ਨੂੰ 5-0 ਨਾਲ ਦਰੜਿਆ ਹੈ, ਜਿਸ ਨਾਲ ਟੀਮ ਇੰਡੀਆ ਦਾ ਆਤਮਵਿਸ਼ਵਾਸ ਮਜ਼ਬੂਤ ਹੋਇਆ ਹੈ। ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ  ਆਸਟਰੇਲੀਆ ਨਾਲ ਹੋਈ 3 ਮੈਚਾਂ ਦੀ ਸੀਰੀਜ਼ ਵੀ ਭਾਰਤ ਨੇ 2-1 ਨਾਲ ਜਿੱਤੀ ਸੀ। ਪਿਛਲੇ ਨਤੀਜਿਆਂ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਵੇ ਤਾਂ ਇਸ ਮੁਕਾਬਲੇ ਵਿਚ ਭਾਰਤ ਜਿੱਤ ਦਾ ਪ੍ਰਮੁੱਖ ਦਾਅਵੇਦਾਰ ਹੈ ਪਰ ਨਿਊਜ਼ੀਲੈਂਡ ਨੂੰ ਉਸੇ ਦੇ ਘਰ ਵਿਚ ਘੱਟ ਨਹੀਂ ਸਮਝਿਆ ਜਾ ਸਕਦਾ ਹੈ। ਹਾਲਾਂਕਿ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਪਹਿਲੇ ਦੋ ਵਨ ਡੇ 'ਚੋਂ ਬਾਹਰ ਹੈ ਤੇ ਕੀਵੀ ਟੀਮ ਨੂੰ ਭਾਰਤ ਵਿਰੁੱਧ ਉਸਦੀ ਕਮੀ ਬਾਖੂਬੀ ਮਹਿਸੂਸ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ-
ਵਿਰਾਟ ਕੋਹਲੀ, ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ (ਵਿਕਟਕੀਪਰ), ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ।
ਨਿਊਜ਼ੀਲੈਂਡ- ਟਾਮ ਲਾਥਮ (ਕਪਤਾਨ ਤੇ ਵਿਕਟਕੀਪਰ), ਮਾਰਟਿਨ ਗੁਪਟਿਲ, ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਸਕਾਟ ਕਿਊਗਲੇਜਿਨ, ਟਾਮ ਬਲੰਡੇਲ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ, ਈਸ਼ ਸੋਢੀ, ਟਿਮ ਸਾਊਥੀ, ਕਾਈਲ ਜੈਮੀਸਨ, ਮਾਰਕ ਚੈਪਮੈਨ।

 

Gurdeep Singh

This news is Content Editor Gurdeep Singh